ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਪੜ੍ਹ ਲੈਣ ਇਹ ਖ਼ਬਰ ਨਹੀਂ ਤਾਂ ਹੋ ਸਕਦੇ ਖੱਜਲ ਖੁਆਰ

ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਨਾਲ ਜੁੜੀ ਅਹਿਮਮ ਖ਼ਬਰ ਸਾਹਮਣੇ ਆਈ ਹੈ। ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੰਡੀਗੜ੍ਹ ਨਹੀਂ ਉਤਾਰਨਗੀਆਂ। ਟਾਈਮ ਟੇਬਲ ਅਤੇ ਬੱਸ ਅੱਡਾ ਐਂਟਰੀ ਫੀਸ ਤੋਂ ਤੰਗ ਆ ਕੇ  ਪਨਬਸ  ਦੇ ਮੁਲਾਜ਼ਮਾਂ ਨੇ ਅਜਿਹਾ ਫੈਸਲਾ ਲਿਆ ਹੈ ਦਰਅਸਲ ਬੀਤੇ ਦਿਨ ਵੀ ਸੀਟੀਯੂ ਨਾਲ ਅਜਿਹੀ ਨਾਰਾਜ਼ਗੀ ਕਾਰਨ ਪੰਜਾਬ ਰੋਡਵੇਜ਼ ਨੇ ਮੰਗਲਵਾਰ ਨੂੰ ਪੂਰਾ ਦਿਨ ਚੰਡੀਗੜ੍ਹ ਵਿੱਚ ਆਪਣੀਆਂ ਬੱਸਾਂ ਦੀ ਐਂਟਰੀ ਬੰਦ ਰੱਖੀ। 500 ਤੋਂ ਵੱਧ ਬੱਸਾਂ ਮੁਹਾਲੀ ਤੱਕ ਹੀ ਆਈਆਂ ਅਤੇ ਵਾਪਸ ਪਰਤ ਗਈਆਂ। ਮਾਝਾ, ਮਾਲਵਾ ਤੇ ਦੁਆਬੇ ਦੀ ਇੱਕ ਵੀ ਬੱਸ ਚੰਡੀਗੜ੍ਹ ਬੱਸ ਅੱਡੇ ਤੱਕ ਨਹੀਂ ਪਹੁੰਚੀਆਂ।  

ਅੱਜ ਪੀਆਰਟੀਸੀ ਵੀ ਸਵੇਰੇ 11 ਵਜੇ ਤੋਂ ਚੰਡੀਗੜ੍ਹ ਲਈ ਆਪਣੀ ਐਂਟਰੀ ਬੰਦ ਕਰ ਦੇਵੇਗੀ। ਇਸ ਨਾਲ ਜ਼ੀਰਕਪੁਰ ਤੋਂ ਹੀ ਕਰੀਬ 300 ਬੱਸਾਂ ਵਾਪਸ ਆਉਣਗੀਆਂ। ਬੱਸ ਯੂਨੀਅਨ ਦੇ ਇਸ ਫੈਸਲੇ ਕਾਰਨ ਮੰਗਲਵਾਰ ਨੂੰ ਸੈਂਕੜੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸੀਟੀਯੂ ਟਾਈਮ ਟੇਬਲ ਬਣਾਉਣ ਲਈ ਸਹਿਮਤ ਨਹੀਂ ਹੁੰਦੀ, ਉਦੋਂ ਤੱਕ ਪੰਜਾਬ ਦੀ ਕੋਈ ਵੀ ਬੱਸ ਚੰਡੀਗੜ੍ਹ ਵਿੱਚ ਨਹੀਂ ਦਾਖਲ ਹੋਵੇਗੀ।

ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਇਸ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਹਰਿਆਣਾ ਰੋਡਵੇਜ਼ ਸਾਂਝ ਮੋਰਚਾ ਨੇ ਵੀ ਇਸ ਵਿਵਾਦ ਦੀ ਨਿਖੇਧੀ ਕੀਤੀ ਹੈ। ਹਰਿਆਣਾ ਰੋਡਵੇਜ਼ ਸਾਂਝ ਮੋਰਚਾ ਨੇ ਕਿਹਾ ਕਿ ਇਹ ਗੰਭੀਰ ਵਿਵਾਦ ਹੈ, ਪ੍ਰਸ਼ਾਸਨ ਨੂੰ ਦਖਲ ਦੇ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ। ਨਹੀਂ ਤਾਂ ਇਸ ਦੇ ਨਤੀਜੇ ਗਲਤ ਸਾਬਤ ਹੋਣਗੇ।

ਦੂਜੇ ਪਾਸੇ ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਵੀ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ। ਨਹੀਂ ਤਾਂ ਪੰਜਾਬ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨਾਲ ਵੀ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।

Advertisement