ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੱਲ੍ਹ ਰਾਤ ਤੋਂ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਸ਼ਹਿਰੀ ਇਲਾਕਿਆਂ ਵਿਚ ਟ੍ਰੈਫਿਕ ਦੀ ਸਮੱਸਿਆ ਖੜ੍ਹੀ ਹੋ ਗਈ। ਟਰਾਈਸਿਟੀ ਵਿਚ ਦੇਰ ਰਾਤ ਤੋਂ ਤੜਕੇ ਸੱਤ ਵਜੇ ਤੱਕ ਮੀਂਹ ਪੈਣ ਨਾਲ ਸੜਕਾਂ ਉਤੇ ਪਾਣੀ ਭਰ ਗਿਆ। ਜ਼ੀਰਕਪੁਰ, ਡੇਰਾਬਸੀ, ਮੁਹਾਲੀ ਅਤੇ ਰਾਜਪੁਰਾ ਸਮੇਤ ਕਈ ਇਲਾਕਿਆਂ ਵਿਚ ਸਵੇਰੇ-ਸਵੇਰੇ ਲੰਬੇ ਟ੍ਰੈਫਿਕ ਜਾਮ ਵੇਖੇ ਗਏ।
ਪਟਿਆਲਾ-ਜ਼ੀਰਕਪੁਰ ਸੜਕ, ਅੰਬਾਲਾ-ਚੰਡੀਗੜ੍ਹ ਸੜਕ ਤੋਂ ਇਲਾਵਾ ਕਾਲਕਾ ਜਾਣ ਵਾਲੀ ਸੜਕ ਉਤੇ ਇਸ ਵੇਲੇ ਜਾਮ ਲੱਗਣ ਕਾਰਨ ਵੱਡੀ ਗਿਣਤੀ ਲੋਕ ਪ੍ਰੇਸ਼ਾਨ ਹੋਏ। ਇਸ ਜਾਮ ਕਾਰਨ ਪਟਿਆਲਾ ਤੋਂ ਬੱਸਾਂ ਵਿਚ ਸਫਰ ਕਰਨ ਵਾਲਿਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਪਟਿਆਲਾ-ਜ਼ੀਰਕਪੁਰ ਸੜਕ ਉਤੇ ਤਕਰੀਬਨ ਢਾਈ ਕਿਲੋਮੀਟਰ ਲੰਬਾ ਜਾਮ ਵੇਖਿਆ ਗਿਆ। ਹਿਮਾਚਲ ਪ੍ਰਦੇਸ਼ ਦੇ ਗੁਆਂਢੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ.ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਰਗੇ ਕੁਝ ਇਲਾਕਿਆਂ ‘ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਰਾਜਧਾਨੀ ਦਿੱਲੀ ਵਿਚ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਅੱਜ ਯਾਨੀ 26 ਜੁਲਾਈ ਦੀ ਸਵੇਰ ਤੇਜ਼ ਬਾਰਸ਼ ਸ਼ੁਰੂ ਹੋਈ। ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਜੇਕਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਕਾਰਨ ਹਾਲਾਤ ਖਰਾਬ ਹਨ। ਮੁੰਬਈ ‘ਚ ਦੇਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇੱਥੇ ਮੌਸਮ ਵਿਭਾਗ (IMD) ਨੇ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕਰ ਦਿੱਤਾ ਹੈ।