ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇੱਕ ਵਾਰ ਫਿਰ ਲੋਕਾਂ ਲਈ ਫਰੀ ਹੋ ਸਕਦਾ ਹੈ। ਮਤਲਬ ਲੋਕਾਂ ਨੂੰ ਉੱਥੋਂ ਲੰਘਣ ਲਈ ਕੁਝ ਵੀ ਨਹੀਂ ਦੇਣਾ ਪਵੇਗਾ। ਇਹ ਫੈਸਲਾ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਕਈ ਮਹੀਨਿਆਂ ਤੋਂ ਕੰਪਨੀ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਕੰਪਨੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਕਾਰਨ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ 27 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਫਰੀ ਰਹੇਗਾ ਤੇ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ।

ਇਸ ਸਬੰਧੀ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾ ਤਾਂ ਸਰਕਾਰੀ ਛੁੱਟੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਦਾ ਪੀਐਫ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਕੰਪਨੀ ਵੱਲੋਂ ਟੋਲ ਮੁਲਾਜ਼ਮਾਂ ਨੂੰ ਕੋਈ ਈਐਸਆਈ ਤੇ ਭਲਾਈ ਸਕੀਮਾਂ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗੱਲਾਂ ਦੇ ਵਿਰੋਧ ਵਿੱਚ 27 ਸਤੰਬਰ ਨੂੰ ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ’ਤੇ ਫਰੀ ਕੀਤਾ ਜਾਵੇਗਾ।