ਸਕੂਲ ਪ੍ਰਬੰਧਨ ਨੂੰ ਵਧੇਰੇ ਸੁਚਾਰੂ ਬਨਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਟ੍ਰੇਨਿੰਗ ਮੁਹਿੰਮ ਅਧੀਨ ਆਈ.ਆਈ.ਐਮ.ਅਹਿਮਦਾਬਾਦ ਵਿਖੇ ਟ੍ਰੇਨਿੰਗ ਹਾਂਸਲ ਕਰਨ ਲਈ ਜਾਣ ਵਾਲੇ 50 ਹੈਡ ਮਾਸਟਰਾਂ/ ਹੈਡ ਮਿਸਟ੍ਰੈਸ ਦਾ ਤੀਸਰਾ ਬੈਚ ਅੱਜ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਹਵਾਈ ਅੱਡੇ ਤੋਂ ਰਵਾਨਾ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 50 ਹੈਡਮਾਸਟਰਾਂ / ਹੈਡ ਮਿਸਟ੍ਰੈਸ ਦਾ ਤੀਸਰੇ ਬੈਚ ਨੂੰ ਵਿਸ਼ੇਸ਼ ਟ੍ਰੇਨਿੰਗ ਹਾਸਲ ਕਰਨ ਲਈ ਆਈ.ਆਈ.ਐਮ.ਅਹਿਮਦਾਬਾਦ ਵਿਖੇ ਭੇਜਿਆ ਗਿਆ ਹੈ। ਇਹ ਬੈਚ 7 ਅਕਤੂਬਰ 2024 ਤੋਂ 11 ਅਕਤੂਬਰ 2024 ਤੱਕ ਟ੍ਰੇਨਿੰਗ ਹਾਸਲ ਕਰੇਗਾ। ਉਨ੍ਹਾਂ ਦੱਸਿਆ ਕਿ ਆਈ. ਆਈ. ਐਮ.ਅਹਿਮਦਾਬਾਦ ਦੁਨੀਆਂ ਭਰ ਵਿੱਚ ਮੈਨੇਜਮੈਂਟ ਦੀ ਟ੍ਰੇਨਿੰਗ ਲਈ ਪ੍ਰਸਿੱਧ ਹੈ ਅਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਹੈਡਮਾਸਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਵਾਉਣ ਦਾ ਫ਼ੈਸਲਾ ਕੀਤਾ ਸੀ।
ਬੈਂਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ 202 ਪ੍ਰਿੰਸੀਪਲਾਂ ਨੂੰ ਵੀ ਦੁਨੀਆਂ ਭਰ ਵਿੱਚ ਪ੍ਰਸਿੱਧ ਸਿੰਘਾਪੁਰ ਦੀ ਸਿੱਖਿਆ ਸੰਸਥਾ ਤੋਂ ਟ੍ਰੇਨਿੰਗ ਕਰਵਾ ਚੁੱਕੀ ਹੈ ਅਤੇ 100 ਹੈਡਮਾਸਟਰਾਂ / ਹੈਡ ਮਿਸਟ੍ਰੈਸ ਨੂੰ ਆਈ. ਆਈ. ਐਮ.ਅਹਿਮਦਾਬਾਦ ਤੋਂ ਟ੍ਰੇਨਿੰਗ ਦੁਆਈ ਜਾ ਚੁੱਕੀ ਹੈ।