ਪੰਜਾਬ ਨਗਰ ਨਿਗਮ ਚੋਣਾਂਦੇ ਨਤੀਜੇ ਆਉਣੇ ਸ਼ੁਰੂ, ਜਾਣੋ ਕੌਣ ਜਿੱਤਿਆ ਅਤੇ ਕਿਸ ਦੀ ਹੋਈ ਹਾਰ

ਪੰਜਾਬ ਦੇ 5 ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਲਈ ਹੋਈ ਵੋਟਿੰਗ ਤੋਂ ਬਾਅਦ ਹੁਣ ਨਤੀਜੇ ਸਾਹਮਣੇ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਤਾਜ਼ਾ ਜਾਣਕਾਰੀ ਦੇ ਮੁਤਾਬਕ ਪਟਿਆਲਾ ਵਿੱਚ ‘ਆਪ’ ਨੂੰ 45, ਭਾਜਪਾ ਨੂੰ 4, ਕਾਂਗਰਸ ਅਤੇ ਅਕਾਲੀ ਦਲ ਨੂੰ 3-3 ਸੀਟਾਂ ਮਿਲੀਆਂ ਹਨ। 7 ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ। ਜਲੰਧਰ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਚੋਣ ਹਾਰ ਗਏ ਹਨ। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਲੁਧਿਆਣਾ ਤੋਂ ਹਾਰ ਗਈ ਹੈ। ਉਹ ‘ਆਪ’ ਦੇ ਗੁਰਪ੍ਰੀਤ ਬੱਬਰ ਤੋਂ ਹਾਰ ਗਏ ਸਨ। ਅੰਮ੍ਰਿਤਸਰ ਦੀ 28 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਰੇ ਮਿੱਠੂ ਮੈਦਾਨ ਨੇ ਜਿੱਤ ਹਾਸਲ ਕੀਤੀ ਹੈ।

ਬਰਨਾਲਾ ਦੇ ਨਗਰ ਪੰਚਾਇਤ ਹੰਡਿਆਇਆ ਦੇ ਵਾਰਡ ਨੰਬਰ 6 ਤੋਂ ‘ਆਪ’ ਦੇ ਗੁਰਮੀਤ ਸਿੰਘ ਵਾਬਾ ਚੋਣ ਜਿੱਤ ਗਏ ਹਨ। ਗੁਰਮੀਤ ਸਿੰਘ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹ ਤਿੰਨ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਗੁਰਮੀਤ ਸਿੰਘ ਨੂੰ 204 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਨੂੰ 142 ਵੋਟਾਂ ਮਿਲੀਆਂ ਹਨ। ਗੁਰਮੀਤ ਸਿੰਘ ਨੇ ਇਹ ਚੋਣ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੀ।

ਸ਼ਨੀਵਾਰ ਨੂੰ ਪੰਜਾਬ ਦੇ 5 ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਲਈ ਵੋਟਿੰਗ ਹੋਈ।ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਕੁੱਲ੍ਹ ਵੋਟਰਾਂ ਵੱਲੋਂ ਮਤਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਵੋਟਰਾਂ ਵਿਚੋਂ 19 ਲੱਖ, 55 ਹਜ਼ਾਰ ਮਰਦ ਵੋਟਰ ਅਤੇ 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੀ, ਇਸ ਵਾਰ ਵੋਟਿੰਗ ਲਈ 1 ਘੰਟਾ ਸਮਾਂ ਵਧਾਇਆ ਗਿਆ ਸੀ।

Advertisement