ਪੂਰੇ ਦੇਸ਼ ਵਿਚ ਮੌਸਮ ਬਦਲ ਰਿਹਾ ਹੈ। ਦਿੱਲੀ ਐਨਸੀਆਰ ਦੇ ਨਾਲ-ਨਾਲ ਉੱਤਰੀ ਪੱਛਮੀ ਅਤੇ ਉੱਤਰੀ ਰਾਜ ਦੇਰ ਰਾਤ ਅਤੇ ਸਵੇਰ ਦੇ ਸਮੇਂ ਸੰਘਣੀ ਧੁੰਦ ਨਾਲ ਢੱਕੇ ਹੋਏ ਹਨ। ਦਿੱਲੀ ਵਿਚ ਸੰਘਣੀ ਧੁੰਦ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਵਿਗੜ ਰਹੇ ਹਨ। ਸ਼ੁੱਕਰਵਾਰ ਨੂੰ ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਤਾਮਿਲਨਾਡੂ ਦੇ ਤੱਟ ਨੇੜੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਸਰਕੂਲੇਸ਼ਨ ਆਉਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਤਾਮਿਲਨਾਡੂ, ਕੇਰਲ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼, ਕਰਨਾਟਕ, ਲਕਸ਼ਦੀਪ ਅਤੇ ਦੱਖਣੀ ਤੇਲੰਗਾਨਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉੱਤਰੀ ਪੰਜਾਬ ਵਿੱਚ ਅੱਜ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ, ਕਰਨਾਲ ਅਤੇ ਅੰਬਾਲਾ ਵਿੱਚ ਇਸ ਸੀਜ਼ਨ ਵਿੱਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ਹੇਠਲੇ ਅੰਕਾਂ ਵਿੱਚ ਰਿਕਾਰਡ ਕੀਤਾ ਜਾਵੇਗਾ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ। 18 ਅਤੇ 20 ਨਵੰਬਰ 2024 ਦਰਮਿਆਨ ਘੱਟੋ-ਘੱਟ ਤਾਪਮਾਨ 15°C ਤੋਂ ਘੱਟ ਹੋ ਸਕਦਾ ਹੈ। ਦੱਖਣੀ ਕੋਂਕਣ ਅਤੇ ਗੋਆ ਅਤੇ ਦੱਖਣੀ ਮੱਧ ਮਹਾਰਾਸ਼ਟਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਸ਼ੁਰੂ ਹੋ ਸਕਦੀ ਹੈ।
ਪੂਰੇ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਰਾਤ ਅਤੇ ਸਵੇਰ ਸਮੇਂ ਸੰਘਣੀ ਤੋਂ ਬੇਹੱਦ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਰਾਜਸਥਾਨ ਵਿੱਚ ਸੰਘਣੀ ਧੁੰਦ ਦਾ ਓਂਰਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਬਿਹਾਰ ਅਤੇ ਝਾਰਖੰਡ ਵਿੱਚ ਸਵੇਰੇ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।