ਪੰਜਾਬ ਵਿੱਚ ਅੱਜ ਤੋਂ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਤਾਜ਼ਾ ਰੇਟ

ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਚੇਅਰਮੈਨ, ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ‘ਚ ਬੇਲੋੜੇ ਵਾਧੇ ਰਾਹੀਂ ਪੰਜਾਬ ਦੇ ਲੋਕਾਂ ‘ਤੇ ਬੋਝ ਪਾਉਣ ਲਈ ਕਰੜੀ ਆਲੋਚਨਾ ਕੀਤੀ।

ਦਸ ਦੇਈਏ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਲਯੂ-ਐਡਿਡ ਟੈਕਸ (ਵੈਟ) ਵਿੱਚ ਵੱਡਾ ਵਾਧਾ ਲਾਗੂ ਕਰਦਿਆਂ, ਕੀਮਤਾਂ ਵਿੱਚ 61 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਦਾ ਨਜਾਇਜ਼ ਵਾਧਾ ਕੀਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਪਦਾਰਥਾਂ ਦੇ ਟੈਕਸਾਂ ਵਿੱਚ ਇਹ ਬੇਤਹਾਸ਼ਾ ਵਾਧਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਸੂਬੇ ਦੇ ਨਾਗਰਿਕ ਪਹਿਲਾਂ ਹੀ ਮੰਦੀ ਅਤੇ ਬੇਰੋਜ਼ਗਾਰੀ ਸੰਕਟ ਕਾਰਨ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੈਟ ਵਾਧੇ ਨੂੰ ਜਾਇਜ਼ ਠਹਿਰਾਉਣਾ ਸਿਰਫ਼ ਸੂਬੇ ਲਈ ਵਾਧੂ ਮਾਲੀਆ ਪੈਦਾ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ‘ਆਪ’ ਸਰਕਾਰ ਦੇ ਮਾੜੇ ਇਰਾਦਿਆਂ ਅਤੇ ਗੈਰ-ਤਜ਼ਰਬੇ ਨੂੰ ਉਜਾਗਰ ਕਰਦੀ ਹੈ।‌ ਬ੍ਰਹਮਪੁਰਾ ਨੇ ਪੰਜਾਬ ਦੇ ਨਾਗਰਿਕਾਂ ਨੂੰ ਅਜਿਹੇ ਦਮਨਕਾਰੀ ਕਦਮਾਂ ਵਿਰੁੱਧ ਇਕਜੁੱਟ ਹੋਣ ਅਤੇ ‘ਆਪ’ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਨ ਲਈ ਪ੍ਰੇਰਿਆ ਅਤੇ ਜਾਗਰੂਕ ਕੀਤਾ। ਉਨ੍ਹਾਂ ਪੰਜਾਬੀਆਂ ਦੇ ਹੱਕਾਂ ਅਤੇ ਭਲਾਈ ਲਈ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਆਮ ਆਦਮੀ ਵਲੋਂ ਨਾਜਾਇਜ਼ ਬੋਝ ਪਾਉਣ ਵਾਲੀਆਂ ਨੀਤੀਆਂ ਦਾ ਪਰਦਾਫਾਸ਼ ਅਤੇ ਜ਼ੋਰਦਾਰ ਅਲੋਚਨਾਂ ਕੀਤੀ ਹੈ।

Advertisement