ਪੰਜਾਬ ਵਿੱਚ ਡਾਕਟਰਾਂ ਤੇ ਨਰਸਾਂ ਦੀ ਹੜਤਾਲ, OPD ਸੇਵਾਵਾਂ ਵੀ ਬੰਦ

ਕੋਲਕੱਤਾ ਵਿੱਚ ਮਹਿਲਾ ਡਾਕਟਰ ਦੇ ਬਲਾਤਕਾਰ ਤੇ ਕਤਲ ਦੇ ਵਿਰੋਧ ‘ਚ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਡਾਕਟਰ ਹੜਤਾਲ ‘ਤੇ ਹਨ। ਇਸ ਦੌਰਾਨ ਓਪੀਡੀ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਬੱਸ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ।  ਇਸ ਦੇ ਨਾਲ ਹੀ ਹੜਤਾਲ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ ਦਾ ਵੀ ਸਮਰਥਨ ਮਿਲਿਆ ਹੈ। ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ੍ਹ ਸਵੇਰੇ 6 ਵਜੇ ਤੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਮਹਿਲਾ ਡਾਕਟਰ ਦੇ ਬਲਾਤਕਾਰ ਤੇ ਕਤਲ ਮਗਰੋਂ ਪੂਰੇ ਦੇਸ਼ ਵਿੱਚ ਉਬਾਲ ਆਇਆ ਹੋਇਆ ਹੈ।

ਦਸ ਦੇਈਏ ਕਿ ਡਾਕਟਰਾਂ ਦੀ ਹੜਤਾਲ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਓਪੀਡੀ ਬੰਦ ਹੋਣ ਕਾਰਨ ਲੋਕ ਵਾਪਸ ਪਰਤ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਡਿਊਟੀ ਦੌਰਾਨ ਬਲਾਤਕਾਰ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ। ਅਜਿਹੇ ‘ਚ ਹੁਣ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।

ਡਾਕਟਰਾਂ ਦੀ ਇਸ ਹੜਤਾਲ ਨੂੰ ਨਰਸਿੰਗ ਸਟਾਫ ਦਾ ਵੀ ਸਮਰਥਨ ਹੈ। ਨਰਸਿੰਗ ਸਟਾਫ ਦਾ ਕਹਿਣਾ ਹੈ ਕਿ ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ ਪਰ ਉਹ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਪਹਿਲਾਂ ਔਰਤ ਸੀ ਤੇ ਬਾਅਦ ਵਿੱਚ ਡਾਕਟਰ ਸੀ। ਇਹ ਘਟਨਾ ਸਮਾਜ ਨੂੰ ਸ਼ਰਮਸਾਰ ਕਰਦੀ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Advertisement