ਇਸ ਸਾਲ ਮਾਨਸੂਨ ਦੀ ਭਾਰਤ ‘ਚ ਜ਼ੋਰਦਾਰ ਦਸਤਕ ਰਹੀ ਹੈ, ਜਿਸ ਕਾਰਨ ਕਈ ਰਾਜਾਂ ‘ਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਖਾਸ ਕਰਕੇ ਅਸਾਮ ਅਤੇ ਗੁਜਰਾਤ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਰਾਜ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਦਿੱਲੀ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

ਮੌਸਮ ਵਿਭਾਗ ਨੇ ਇੱਕ ਅਹਿਮ ਅਪਡੇਟ ਜਾਰੀ ਕੀਤਾ ਹੈ, ਜਿਸ ਵਿਚ ਦਿੱਲੀ-NCR ਸਮੇਤ ਦੇਸ਼ ਦੇ 20 ਤੋਂ ਵੱਧ ਰਾਜਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸੱਤ ਦਿਨਾਂ ਵਿਚ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਸਮੇਂ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਭਾਰੀ ਮੀਂਹ ਪੈ ਰਿਹਾ ਹੈ।
ਆਈਐਮਡੀ ਦੇ ਅਨੁਸਾਰ ਮਾਨਸੂਨ ਹਵਾਵਾਂ ਨੇ ਅਰਬ ਸਾਗਰ ਦੇ ਉੱਤਰ-ਪੱਛਮ ਵਿੱਚ ਇੱਕ ਦਬਾਅ ਖੇਤਰ ਬਣਾਇਆ ਹੈ, ਜਿਸ ਕਾਰਨ ਪੂਰੇ ਦੇਸ਼ ਵਿੱਚ ਮੌਸਮ ਦੀ ਸਥਿਤੀ ਕਾਫ਼ੀ ਸਰਗਰਮ ਹੈ। ਇਹ ਦਬਾਅ ਵਾਲਾ ਖੇਤਰ ਵਿਆਪਕ ਪੱਧਰ ‘ਤੇ ਬਾਰਿਸ਼ ਦਾ ਕਾਰਨ ਬਣ ਰਿਹਾ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤੱਕ ਮੌਸਮ ਕਾਫੀ ਖਰਾਬ ਹੋ ਗਿਆ ਹੈ।