ਪੰਜ ਨਗਰ ਨਿਗਮਾਂ ਅਤੇ 41ਨਗਰ ਕੌਂਸਲਾਂ ਲਈ ਵੋਟਿੰਗ ਸ਼ੁਰੂ

ਪੰਜਾਬ ਵਿਚ ਨਗਰ ਨਿਗਮਾਂ ਅਤੇ ਕੌਂਸਲਾਂ/ਪੰਚਾਇਤਾਂ ਲਈ ਵੋਟਿੰਗ ਅੱਜ ਸਵੇਰ 7 ਵਜੇ ਤੋਂ ਸ਼ੁਰੂ ਹੋ ਚੁਕੀ ਹੈ। ਵੋਟਰ ਸ਼ਾਮ 4 ਵਜੇ ਤਕ ਆਪਣੀ ਵੋਟ ਭੁਗਤਾ ਸਕਦੇ ਹਨ ਉਸ ਤੋਂ ਮਗਰੋਂ ਤੁਰਤ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਨ੍ਹਾਂ ਚੋਣਾਂ ਵਿਚ 37.32 ਲੱਖ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ।

ਵੋਟਾਂ ਈਵੀਐਮ ਜ਼ਰੀਏ ਪੈਣ ਕਰ ਕੇ ਚੋਣ ਨਤੀਜੇ ਵੀ ਸ਼ਾਮ ਵੇਲੇ ਐਲਾਨੇ ਜਾਣਗੇ। ਇਸ ਤਰ੍ਹਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ ਕਰੀਬ ਚਾਰ ਦਰਜਨ ਵਾਰਡਾਂ ਵਿਚ ਉਪ ਚੋਣਾਂ ‘ਚ ਉੱਤਰੇ 3,336 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੀ ਹੋ ਜਾਵੇਗਾ। ਨਿਗਮ ਤੇ ਕੌਂਸਲ ਚੋਣਾਂ ਲਈ 23 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਚੋਣ ਅਮਲੇ ਵਜੋਂ ਤਾਇਨਾਤ ਕੀਤੇ ਗਏ ਹਨ। ਚੋਣ ਅਮਲਾ ਬੀਤੇ ਦਿਨ ਪੰਜਾਬ ‘ਚ ਬਣਾਏ ਕੁੱਲ 1,609 ਪੋਲਿੰਗ ਸਟੇਸ਼ਨਾਂ ‘ਤੇ ਪੁੱਜ ਗਿਆ ਸੀ। ਵੋਟਾਂ ਲਈ ਕੁੱਲ 3,809 ਪੋਲਿੰਗ ਬੂਥ ਬਣਾਏ ਗਏ ਹਨ। ਪੰਜਾਬ ਪੁਲਿਸ ਨੇ ਇਨ੍ਹਾਂ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੀ ਤਾਇਨਾਤੀ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ।

ਦਸ ਦੇਈਏ ਕਿ ਪੰਜਾਬ ਪੁਲਿਸ ਵਲੋਂ ਇਨ੍ਹਾਂ ਵੋਟਾਂ ਲਈ 21,500 ਜਵਾਨ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿੰਗਲ ਪੋਲਿੰਗ ਸਟੇਸ਼ਨ ਲਈ 3 ਮੁਲਾਜ਼ਮ ਅਤੇ ਡਬਲ ਪੋਲਿੰਗ ਸਟੇਸ਼ਨ ਲਈ 4 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤੀਹਰੇ ਪੋਲਿੰਗ ਸਟੇਸ਼ਨ ਲਈ 5 ਮੁਲਾਜ਼ਮ ਅਤੇ ਕੁਆਡ ਪੋਲਿੰਗ ਸਟੇਸ਼ਨ ਲਈ 6 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

Advertisement