ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਵਿਖੇ ਹੋਈ, ਜਿਸ ਵਿਚ ਸੁਖਬੀਰ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਤੋਂ ਫੈਸਲਾ ਸੁਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਉਤੇ ਲੱਗੇ ਤਕਰੀਬਨ ਸਾਰੇ ਦੋਸ਼ ਕਬੂਲ ਲਏ। ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ‘ਹਾਂ’ ਜਾਂ ‘ਨਾਂਹ ਵਿਚ ਜਵਾਬ ਦੇਣ ਲਈ ਆਖਿਆ ਸੀ।
ਇਸ ਮੌਕੇ ਸੁਖਬੀਰ ਬਾਦਲ ਨੇ ਸਾਰੇ ਸਵਾਲਾਂ ਦੇ ਜਵਾਬ ‘ਹਾਂ’ ਵਿਚ ਦਿੱਤੇ। ਸੁਖਬੀਰ ਬਾਦਲ ਨੇ ਗੋਲੀਕਾਂਡ, ਬੇਅਦਬੀ, ਡੇਰਾ ਮੁਖੀ ਨੂੰ ਮੁਆਫੀ ਸਣੇ ਸਾਰੇ ਗੁਨਾਹ ਕਬੂਲ ਲਏ। ਇਸ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਖਬੀਰ ਬਾਦਲ ਸਣੇ ਸਾਥੀ ਮੰਤਰੀਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਇਹ ਸਾਰੇ ਕੱਲ੍ਹ 3 ਤਰੀਕ ਨੂੰ ਸੰਗਤਾਂ ਲਈ ਦਰਬਾਰ ਸਾਹਿਬ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ। ਜੋੜਿਆਂ ਦੀ ਸੇਵਾ ਕਰਨਗੇ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਦੇ ਗਲੇ ਵਿਚ ਤਖਤੀ ਪਾਈ ਜਾਵੇਗੀ। ਇਸ ਦੌਰਾਨ ਲੱਤ ਉਤੇ ਸੱਟ ਕਾਰਨ ਸੁਖਬੀਰ ਨੂੰ ਕੁਝ ਰਿਆਇਤ ਦਿੱਤੀ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਮੈਨੇਜਰ ਅਤੇ ਦਰਬਾਰ ਸਾਹਿਬ ਦੇ ਮੈਨੇਜਰ ਗਲੇ ਵਿੱਚ ਤਖ਼ਤੀਆਂ ਪਾਉਣਗੇ। ਮੈਨੇਜਰ ਦਰਬਾਰ ਸਾਹਿਬ ਉਨ੍ਹਾਂ ਦੀ ਹਾਜ਼ਰੀ ਚੈੱਕ ਕਰਨਗੇ।
ਦਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਿਆ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ’ਚ ਸੁਖਬੀਰ ਸਿੰਘ ਬਾਦਲ ਸਣੇ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ 17 ਅਕਾਲੀ ਆਗੂਆਂ, ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਤੇ ਅੰਤਰਿੰਗ ਕਮੇਟੀ ਦੇ ਮੈਂਬਰਾਂ ਆਦਿ ਨੂੰ ਅਕਾਲ ਤਖਤ ਵਿਖੇ ਤਲਬ ਕੀਤਾ ਗਿਆ ਸੀ।