ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਪ੍ਰਸਿੱਧ ਰਾਮੇਸ਼ਵਰਮ ਕੈਫੇ ‘ਚ 2 ਮਾਰਚ ਨੂੰ ਹੋਏ ਧਮਾਕੇ ਦੇ ਮਾਮਲੇ ‘ਚ NIA ਨੂੰ ਵੱਡੀ ਸਫਲਤਾ ਮਿਲੀ ਹੈ। NIA ਨੇ ਬੈਂਗਲੁਰੂ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ‘ਚ ਮੁੱਖ ਸ਼ੱਕੀ ਨੂੰ ਹਿਰਾਸਤ ‘ਚ ਲਿਆ ਹੈ। ਜਾਂਚ ਏਜੰਸੀ ਨੇ ਧਮਾਕੇ ਨਾਲ ਜੁੜੇ ਮਾਮਲੇ ‘ਚ ਪੁੱਛਗਿੱਛ ਲਈ ਮੰਗਲਵਾਰ ਨੂੰ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਹੈ।
ਜਾਣਕਾਰੀ ਮੁਤਾਬਕ ਸ਼ੱਕੀ ਦੀ ਪਛਾਣ ਸ਼ਬੀਰ ਵਜੋਂ ਹੋਈ ਹੈ, ਜੋ ਬਲੌਰੀ ਦੇ ਕਾਊਲ ਬਾਜ਼ਾਰ ਇਲਾਕੇ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਕੈਫੇ ‘ਚ ਆਈਈਡੀ ਧਮਾਕਾ ਹੋਇਆ ਸੀ, ਜਿਸ ‘ਚ 10 ਲੋਕ ਜ਼ਖਮੀ ਹੋ ਗਏ ਸਨ। ਜਾਂਚ ਟੀਮਾਂ ਦਾ ਮੰਨਣਾ ਹੈ ਕਿ ਉਹ ਕਿਸੇ ਅੱਤਵਾਦੀ ਸੰਗਠਨ ਨਾਲ ਨਜ਼ਦੀਕੀ ਸਬੰਧ ਰੱਖਦਾ ਸੀ। ਸੂਤਰਾਂ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਪੀਐਫਆਈ ਕੇਡਰ ਨੇ ਬੰਬ ਲਗਾਉਣ ਵਾਲੇ ਵਿਅਕਤੀ ਸਮੇਤ ਕਈ ਲੋਕਾਂ ਦਾ ਬ੍ਰੇਨਵਾਸ਼ ਕੀਤਾ ਹੈ।
ਇਸ ਤੋਂ ਪਹਿਲਾਂ, ਪਿਛਲੇ ਹਫ਼ਤੇ ਐਨਆਈਏ ਨੇ ਧਮਾਕੇ ਦੇ ਇੱਕ ਮੁੱਖ ਸ਼ੱਕੀ ਦੀਆਂ ਤਾਜ਼ਾ ਤਸਵੀਰਾਂ ਜਾਰੀ ਕੀਤੀਆਂ ਸਨ ਅਤੇ ਨਾਗਰਿਕਾਂ ਨੂੰ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਨਾਲ ਸੰਭਾਵਿਤ ਤੌਰ ‘ਤੇ ਜੁੜੇ ਵਿਅਕਤੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਿਹਾ ਸੀ।