ਭਾਰਤੀ ਹਵਾਈ ਅੱਡਿਆਂ ਤੇ ਸਿੱਖ ਮੁਲਾਜ਼ਮ ਨਹੀਂ ਪਹਿਣ ਸਕਣਗੇ ਕਿਰਪਾਨ, ਭਖਿਆ ਵਿਵਾਦ

 ਭਾਰਤ ਦੇ ਹਵਾਈ ਅੱਡਿਆਂ ‘ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਨਾ ਪਹਿਨਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ ‘ਚ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲ ਹੀ ਵਿੱਚ, ਬਿਊਰੋ ਆਫ ਸਿਵਲ ਏਵੀਏਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਸਾਰੇ ਸਿੱਖ ਕਰਮਚਾਰੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਕਿਰਪਾਨ ਨਹੀਂ ਪਹਿਨਣ ਦਿੱਤੀ ਜਾਏਗੀ। ਇਹ ਹੁਕਮ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ।

ਉਧਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖ ਧਰਮ ਵਿੱਚ ਪਵਿੱਤਰ ਚਿੰਨ੍ਹ ਹੈ ਤੇ ਇਸ ਨੂੰ ਪਹਿਨਣਾ ਧਾਰਮਿਕ ਅਧਿਕਾਰ ਹੈ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਵੀ ਅਜਿਹੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਅਥਾਰਟੀ ਵੱਲੋਂ ਸਿੱਖਾਂ ਨੂੰ ਡਿਊਟੀ ਦੌਰਾਨ ਕਿਰਪਾਨ ਨਾ ਪਹਿਨਣ ਦਾ ਦਿੱਤਾ ਗਿਆ ਹੁਕਮ ਗਲਤ ਹੈ।

ਦਸ ਦਈਏ ਕਿ ਭਾਰਤੀ ਸੰਵਿਧਾਨ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ ਦਿੰਦਾ ਹੈ। ਇਸ ਵਿੱਚ ਪੰਜ ਕੱਕਾਰ (ਕੇਸ, ਕੜਾ, ਕੰਘਾ, ਕਛਹਿਰਾ ਤੇ ਕਿਰਪਾਨ) ਸ਼ਾਮਲ ਹਨ। ਉਂਝ ਅਜਿਹੇ ਹੁਕਮ ਪਹਿਲਾਂ ਵੀ ਸਰਕਾਰੀ ਤੇ ਨਿੱਜੀ ਅਦਾਰਿਆਂ ਵਿੱਚ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਸਿੱਖ ਕੌਮ ਵਿੱਚ ਰੋਸ ਪੈਦਾ ਹੁੰਦਾ ਰਿਹਾ ਹੈ। ਇਸ ਹੁਕਮ ਨੂੰ ਸਿੱਖ ਜਥੇਬੰਦੀਆਂ ਵੱਲੋਂ ਹੀ ਨਹੀਂ ਸਗੋਂ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਪ੍ਰਤੀਕਰਮ ਮਿਲ ਰਿਹਾ ਹੈ। ਕਈ ਸੰਗਠਨਾਂ ਦਾ ਕਹਿਣਾ ਹੈ ਕਿ ਧਾਰਮਿਕ ਆਜ਼ਾਦੀ ਦਾ ਅਧਿਕਾਰ ਬੁਨਿਆਦੀ ਅਧਿਕਾਰ ਹੈ ਤੇ ਇਸ ਨੂੰ ਇਸ ਤਰ੍ਹਾਂ ਸੀਮਤ ਕਰਨਾ ਬੇਇਨਸਾਫੀ ਹੈ। ਕੁਝ ਸੰਸਥਾਵਾਂ ਦਾ ਮੰਨਣਾ ਹੈ ਕਿ ਸੁਰੱਖਿਆ ਦਾ ਸਵਾਲ ਮਹੱਤਵਪੂਰਨ ਹੈ, ਪਰ ਇਸ ਨੂੰ ਧਾਰਮਿਕ ਆਜ਼ਾਦੀ ਨਾਲ ਸੰਤੁਲਿਤ ਕਰਨ ਦੀ ਲੋੜ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਵਿਵਾਦ ਹੋ ਚੁੱਕਾ ਹੈ। ਸਾਲ 2022 ਵਿੱਚ ਹਵਾਬਾਜ਼ੀ ਮੰਤਰਾਲੇ ਨੇ ਸਿੱਖ ਮੁਲਾਜ਼ਮਾਂ ਨੂੰ ਭਾਰਤੀ ਹਵਾਈ ਅੱਡਿਆਂ ‘ਤੇ ਕਿਰਪਾਨ ਨਾ ਲਿਜਾਣ ਦੇ ਹੁਕਮ ਜਾਰੀ ਕੀਤੇ ਸਨ। ਇਸ ਹੁਕਮ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਕੇ ਹਵਾਬਾਜ਼ੀ ਮੰਤਰਾਲਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਹਵਾਬਾਜ਼ੀ ਮੰਤਰਾਲੇ ਨੇ ਆਪਣੇ ਹੁਕਮ ਵਾਪਸ ਲੈ ਲਏ ਸਨ।

Advertisement