ਭਾਰਤ ਦੇ ਗੁਆਂਢੀ ਦੇਸ਼ ਵਿਚ ਮੰਕੀਪੌਕਸ ਦਾ ਕਹਿਰ! WHO ਦੀ ਚੇਤਾਵਨੀ

ਪਾਕਿਸਤਾਨ ਵਿਚ ਮੰਕੀਪੌਕਸ ਵਾਇਰਸ ਦਾ ਇਕ ਹੋਰ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਚੌਥਾ ਕੇਸ ਖ਼ੈਬਰ ਪਖਤੂਨਖਵਾ ਪ੍ਰਾਂਤ ’ਚ ਸਾਹਮਣੇ ਆਇਆ ਹੈ ਜਦਕਿ ਅਧਿਕਾਰੀ ਪਹਿਲਾਂ ਹੀ ਤਿੰਨ ਕੇਸਾਂ ਦੀ ਪੁਸ਼ਟੀ ਕਰ ਚੁੱਕੇ ਹਨ। ਸਿਹਤ ਡਾਇਰੈਕਟਰ ਡਾਕਟਰ ਇਰਸ਼ਾਦ ਅਲੀ ਰੋਗ਼ਾਨੀ ਨੇ ਕਿਹਾ ਕਿ ਪਿਸ਼ਾਵਰ ਹਵਾਈ ਅੱਡੇ ਉਤੇ ਮੈਡੀਕਲ ਟੀਮ ਨੇ ਮਰੀਜ਼ ਨੂੰ ਪੁਲਿਸ ਅਤੇ ਸਰਵਿਸਿਜ਼ ਹਸਪਤਾਲ ’ਚ ਤਬਦੀਲ ਕਰ ਦਿੱਤਾ। ਰੋਗ਼ਾਨੀ ਨੇ ਕਿਹਾ ਕਿ ਮਰੀਜ਼ ਦੇ ਜ਼ਖ਼ਮ ਤੋਂ ਨਮੂਨੇ ਲੈ ਕੇ ਲੈਬਾਰਟਰੀ ’ਚ ਭੇਜੇ ਗਏ ਸਨ, ਜਿਨ੍ਹਾਂ ਚ ਐੱਮਪੌਕਸ ਦੀ ਪੁਸ਼ਟੀ ਹੋਈ ਹੈ।

ਮਰੀਜ਼ ਦੀ ਹਾਲਤ ਸਥਿਰ ਦੱਸੀ ਗਈ ਹੈ। ਅਧਿਕਾਰੀਆਂ ਮੁਤਾਬਕ ਸਾਰੇ ਮਰੀਜ਼ ਵਿਦੇਸ਼ ਤੋਂ ਪਰਤੇ ਹਨ ਅਤੇ ਸਥਾਨਕ ਪੱਧਰ ’ਤੇ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਵਿਦੇਸ਼ ਤੋਂ ਪਰਤੇ ਮਰੀਜ਼ਾਂ ਦੇ ਐੱਮਪੌਕਸ ਲਈ ਪਾਜ਼ੇਟਿਵ ਨਿਕਲਣ ਮਗਰੋਂ ਪਾਕਿਸਤਾਨ ਨੇ ਹਵਾਈ ਅੱਡਿਆਂ ’ਤੇ ਇਹਤਿਆਤੀ ਕਦਮ ਵਜੋਂ ਸਕਰੀਨਿੰਗ ਸਿਸਟਮ ਦਾ ਪ੍ਰਬੰਧ ਕੀਤਾ ਹੈ।

ਹਸਪਤਾਲ ਵਿਚ ਅਗਾਊਂ ਪ੍ਰਬੰਧ ਵਜੋਂ ਅਜਿਹੇ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਤਿਆਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਅਫ਼ਰੀਕਾ ਵਿਚ ਐੱਮਪੌਕਸ ਫੈਲਣ ਦੀ ਚਿਤਾਵਨੀ ਜਾਰੀ ਕੀਤੀ ਸੀ। ਕਾਂਗੋ ’ਚ ਪਿਛਲੇ ਸਾਲ ਜਨਵਰੀ ਵਿਚ ਵਾਇਰਸ ਫੈਲਣ ਮਗਰੋਂ ਹੁਣ ਤੱਕ ਐੱਮਪੌਕਸ ਦੇ 27 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1,100 ਤੋਂ ਵਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Advertisement