ਭਾਰੀ ਮੀਂਹ ਤੇ ਤੂਫਾਨ ਦੀ ਚੇਤਾਵਨੀ, 24 ਤੋਂ 26 ਅਕਤੂਬਰ ਲਈ ਅਲਰਟ ਜਾਰੀ

ਸਮੁੰਦਰੀ ਤੂਫਾਨ ਦਾਨਾ ਤਬਾਹੀ ਮਚਾਉਂਦਾ ਆ ਰਿਹਾ ਹੈ। ਚੱਕਰਵਾਤ ਦਾਨਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਤੋਂ ਲੈ ਕੇ ਦੱਖਣ ਭਾਰਤ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਅੱਜ ਸ਼ਾਮ ਤੋਂ ਮੌਸਮ ਇਕਦਮ ਬਦਲ ਸਕਦਾ ਹੈ।  ਇਹ ਚੱਕਰਵਾਤ 24 ਤੋਂ 26 ਅਕਤੂਬਰ ਦਰਮਿਆਨ ਤੱਟ ਨਾਲ ਟਕਰਾ ਸਕਦਾ ਹੈ। ਭਾਰਤ ਦੇ ਕਈ ਸੂਬਿਆਂ ਉਤੇ ਇਸ ਦਾ ਅਸਰ ਦਿਖਾਈ ਦੇ ਸਕਦਾ ਹੈ।

ਇਧਰ, ਪੰਜਾਬ ਵਿਚ ਠੰਢ ਹੁਣ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਮੌਸਮ ਵਿਭਾਗ ਦੇ ਨਵੇਂ ਅਪਡੇਟ ਅਨੁਸਾਰ 27 ਤਰੀਕ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਇਸ ਦੇ ਨਾਲ ਹੀ ਠੰਢ ਵੀ ਵਧੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਹਨ। ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪ੍ਰਾਇਦੀਪ ਭਾਰਤ ਦੀ ਹਾਲਤ ਖਰਾਬ ਹੈ। ਚੇਨਈ ਤੋਂ ਲੈ ਕੇ ਬੈਂਗਲੁਰੂ ਅਤੇ ਪਾਂਡੀਚੇਰੀ ਤੋਂ ਤਿਰੂਵਨੰਤਪੁਰਮ ਤੱਕ ਮੀਂਹ ਪੈ ਰਿਹਾ ਹੈ। ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਲੋਕਾਂ ਨੂੰ ਆਪਣੀਆਂ ਕਾਰਾਂ ਫਲਾਈਓਵਰ ‘ਤੇ ਖੜੀਆਂ ਕਰਨ ਲਈ ਮਜਬੂਰ ਹੋਣਾ ਪਿਆ। ਉੱਤਰੀ ਤਾਮਿਲਨਾਡੂ, ਤੱਟੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿੱਚ ਅਗਲੇ 2 ਤੋਂ 3 ਦਿਨਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

ਪਿਛਲੇ 24 ਘੰਟਿਆਂ ਵਿਚ ਉੱਤਰੀ ਤਾਮਿਲਨਾਡੂ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਦੱਖਣੀ ਭਾਰਤ ਦੇ ਕਈ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਤਾਮਿਲਨਾਡੂ, ਕੇਰਲ, ਦੱਖਣੀ ਅੰਦਰੂਨੀ ਕਰਨਾਟਕ, ਤੱਟਵਰਤੀ ਕਰਨਾਟਕ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਪੂਰਬੀ ਤੱਟ ਦੇ ਕਈ ਹਿੱਸਿਆਂ ਦੇ ਨਾਲ-ਨਾਲ ਪੱਛਮੀ ਤੱਟ ਅਤੇ ਪੱਛਮੀ ਬੰਗਾਲ ਦੇ ਗੰਗਾ ਮੈਦਾਨ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਈ। ਉੱਤਰ-ਪੂਰਬੀ ਭਾਰਤ ਅਤੇ ਝਾਰਖੰਡ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪਿਆ।

Advertisement