ਅੱਜ ਸਵੇਰੇ ਪੰਜਾਬ ਦੇ ਕੋਟਕਪੂਰਾ ਵਿੱਚ ਦਿਲ ਕੰਬਾਉਣ ਵਾਲਾ ਹਾਦਸਾ ਵਾਪਰਿਆ ਹੈ। ਜਿਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੋਟਕਪੂਰਾ-ਮੋਗਾ ਰੋਡ ‘ਤੇ ਬੀਤੀ ਰਾਤ ਕਰੀਬ 2 ਵਜੇ ਵਾਪਰੇ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ 8 ਲੋਕ ਜ਼ਖ਼ਮੀ ਹੋ ਗਏ।
ਦਸਿਆ ਜਾ ਰਿਹਾ ਹੈ ਕਿ ਟਾਟਾ ਏਸ ‘ਚ ਸਵਾਰ 15 ਤੋਂ 20 ਵਿਅਕਤੀ ਨਗਾਹੇ ਪਿੰਡ ‘ਚ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਜਦੋਂ ਉਹ ਪੰਜਗਰਾਈਂ ਨੇੜੇ ਪਹੁੰਚੇ ਤਾਂ ਕੋਟਕਪੂਰਾ ਵੱਲੋਂ ਆ ਰਹੇ ਟਰਾਲੇ ਨਾਲ ਟਕਰਾ ਗਿਆ ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਅੱਠ ਜਣੇ ਜ਼ਖ਼ਮੀ ਹੋ ਗਏ। ਐਸਐਚਓ ਮਨੋਜ ਕੁਮਾਰ ਨੇ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ। ਮ੍ਰਿਤਕਾਂ ਦੀ ਪਛਾਣ 38 ਸਾਲਾ ਸੁਖਦੇਵ ਸਿੰਘ, 22 ਸਾਲਾ ਲਵਪ੍ਰੀਤ, 36 ਸਾਲਾ ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ, ਦੀਪਕ ਕੁਮਾਰ ਅਤੇ 35 ਸਾਲਾ ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ ਵਜੋਂ ਹੋਈ ਹੈ।
ਸੂਚਨਾ ਮਿਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚੇ ਜਿਨ੍ਹਾਂ ਮ੍ਰਿਤਕਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਜ਼ਖਮੀਆਂ ਦੀ ਸਾਰ ਲਈ। ਸਿਵਲ ਹਸਪਤਾਲ ਦੇ ਐਸਐਮਓ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿੰਨਾ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ ਜਾ ਰਿਹਾ ਹੈ।