ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਦੂਜਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਸਮਾਗਮ ਵਿੱਚ ਮਨੂ ਦੇ ਨਾਲ ਸਰਬਜੋਤ ਸਿੰਘ ਵੀ ਟੀਮ ਵਿੱਚ ਸ਼ਾਮਲ ਸੀ। ਆਜ਼ਾਦੀ ਤੋਂ ਬਾਅਦ, ਮਨੂ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਦੇ ਸਿੰਗਲ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਦਾ ਮੁਕਾਬਲਾ ਕਾਂਸੀ ਦੇ ਤਗਮੇ ਲਈ ਕੋਰੀਆ ਦੇ ਵੋਨਹੋ ਅਤੇ ਓ ਯੇ ਜਿਨ ਨਾਲ ਸੀ। ਭਾਰਤੀ ਜੋੜੀ ਨੇ ਇਹ ਮੈਚ 16-10 ਦੇ ਸਕੋਰ ਨਾਲ ਜਿੱਤ ਲਿਆ। ਕੋਰੀਆਈ ਜੋੜੀ ‘ਚ ਮੌਜੂਦ ਓ ਯੇ ਜਿਨ ਉਹੀ ਨਿਸ਼ਾਨੇਬਾਜ਼ ਹਨ, ਜਿਨ੍ਹਾਂ ਨੇ ਮਹਿਲਾਵਾਂ ਦੀ 10 ਮੀਟਰ ਏਅਰ ਟ੍ਰੈਕ ਦੇ ਸਿੰਗਲ ਈਵੈਂਟ ‘ਚ ਸੋਨ ਤਮਗਾ ਜਿੱਤਿਆ ਸੀ। ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਸੀ। ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਵੀ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਸੀ। ਮਨੂ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਸਿੰਗਲ ਈਵੈਂਟ ਵਿੱਚ ਜਿੱਤਿਆ ਤਮਗਾ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਤਮਗਾ ਸੀ। ਮਨੂ ਨੇ ਐਤਵਾਰ 28 ਜੁਲਾਈ ਨੂੰ ਸਿੰਗਲ ਈਵੈਂਟ ‘ਚ ਤਮਗਾ ਜਿੱਤਿਆ ਸੀ। ਮਨੂ ਨੇ ਤਿੰਨ ਦਿਨਾਂ ਵਿੱਚ ਭਾਰਤ ਲਈ ਦੂਜਾ ਤਮਗਾ ਜਿੱਤਿਆ।
ਦਸ ਦੇਈਏ ਕਿ ਇਸ ਤੋਂ ਪਹਿਲਾਂ ਮਨੂ ਭਾਕਰ ਨੂੰ 2020 ਟੋਕੀਓ ਓਲੰਪਿਕ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਟੋਕੀਓ ਵਿੱਚ ਮਨੂ ਦੀ ਪਿਸਤੌਲ ਖਰਾਬ ਹੋ ਗਈ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਪਿਸਟਲ ਖ਼ਰਾਬ ਹੋਣ ਕਾਰਨ ਟੋਕੀਓ ਓਲੰਪਿਕ ਵਿੱਚ ਤਗ਼ਮੇ ਦੀ ਦੌੜ ਤੋਂ ਬਾਹਰ ਹੋ ਗਈ ਸੀ। ਟੋਕੀਓ ਓਲੰਪਿਕ ‘ਚ ਅਸਫਲਤਾ ਤੋਂ ਬਾਅਦ ਮਨੂ ਕਾਫੀ ਨਿਰਾਸ਼ ਹੋ ਗਈ ਅਤੇ ਇਕ ਸਮੇਂ ‘ਤੇ ਉਸ ਨੇ ਸ਼ੂਟਿੰਗ ਛੱਡਣ ਦਾ ਫੈਸਲਾ ਵੀ ਕਰ ਲਿਆ। ਹਾਲਾਂਕਿ ਉਸ ਨੇ ਹਾਰ ਨਹੀਂ ਮੰਨੀ ਅਤੇ ਹੁਣ ਪੈਰਿਸ ਓਲੰਪਿਕ ਵਿੱਚ ਦੋ ਵਾਰ ਤਿਰੰਗਾ ਲਹਿਰਾਇਆ ਹੈ।