ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟਰੈਚਰ ’ਤੇ ਸਟੇਜ ’ਤੇ ਲਿਆਂਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਮੋਰਚਾ ਜਿੱਤ ਕੇ ਰਹਾਂਗੇ। ਡੱਲੇਵਾਲ ਨੇ ਕਿਹਾ ਕਿ ਪੁਲਿਸ ਨੇ ਮੈਨੂੰ ਹਟਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਪੰਜਾਬ ਤੇ ਹਰਿਆਣਾ ਤੋਂ ਸੈਂਕੜੇ ਨੌਜਵਾਨਾਂ ਨੇ ਸਾਡੇ ਕੋਲ ਪਹੁੰਚ ਕੇ ਮੋਰਚਾ ਸੰਭਾਲ ਲਿਆ। ਜੋ ਅੱਜ ਮੋਰਚੇ ਤੇ ਪਹੁੰਚੇ ਹਨ, ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ। ਸਰਕਾਰ ਜਿੰਨੀ ਮਰਜ਼ੀ ਜ਼ੋਰ ਲਾ ਲਵੇ, ਅਸੀਂ ਮੋਰਚਾ ਜਿੱਤਕੇ ਹੀ ਰਹਾਂਗੇ।
ਡੱਲੇਵਾਲ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਕੰਮ ਔਖੇ ਹੁੰਦੇ ਹਨ, ਪਰ ਜੇ ਅਸੀਂ ਬੈਠੇ ਬੈਠੇ ਇਹ ਸੋਚਦੇ ਰਹੀਏ ਕਿ ਔਖਾ ਹੈ ਤਾਂ ਸਾਨੂੰ ਬਹੁਤ ਨੁਕਸਾਨ ਹੋਵੇਗਾ। ਇਸ ਸਾਲ 4 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਹ ਰਿਪੋਰਟ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡੱਲੇਵਾਲ ਨੇ ਕਿਹਾ-ਅਸੀਂ ਕਿਸਾਨਾਂ ਦੇ ਆਗੂ ਹਾਂ। ਕਿਸਾਨਾਂ ਦੀਆਂ ਇੰਨੀਆਂ ਮੌਤਾਂ ‘ਤੇ ਕਿਸੇ ਕਿਸਾਨ ਆਗੂ ਨੇ ਕੁਝ ਨਹੀਂ ਕਿਹਾ। ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਅਤੇ ਬੱਚਿਆਂ ਦਾ ਕੀ ਬਣਿਆ ? ਉਨ੍ਹਾਂ ਦੀਆਂ ਮੌਤਾਂ ਨੂੰ ਰੋਕਣਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਜਗਜੀਤ ਡੱਲੇਵਾਲ 40 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ 4 ਜਨਵਰੀ ਨੂੰ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਹਰਿਆਣਾ ਦੇ ਟੋਹਾਣਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਂਪੰਚਾਇਤ ਹੋ ਰਹੀ ਹੈ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਇਸ ਅੰਦੋਲਨ ਨੂੰ ਲੰਮਾ ਕਰਨਾ ਚਾਹੁੰਦਾ ਹੈ। ਜੇ ਡੱਲੇਵਾਲ ਦੀ ਮੌਤ ਹੋ ਗਈ ਤਾਂ ਲਾਸ਼ ਨੂੰ ਸਰਕਾਰ ਹਵਾਲੇ ਨਹੀਂ ਕੀਤਾ ਜਾਵੇਗਾ।”