ਮੀਂਹ ਕਾਰਨ ਟਮਾਟਰ ਦੇ ਭਾਅ 100 ਰੁਪਏ ਕਿਲੋ ਤੋਂ ਪਾਰ

ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਕਾਰਨ ਲੋਕਾਂ ਦੀਆਂ ਜੇਬਾਂ ‘ਤੇ ਇਸ ਦਾ ਡੂੰਘਾ ਅਸਰ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ‘ਚ ਟਮਾਟਰ ਦੀ ਰੀਟੇਲ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਹੈ। ਇਸ ਤਰ੍ਹਾਂ ਪ੍ਰਤੀਕੂਲ ਮੌਸਮ ਨੇ ਮੰਡੀ ਵਿੱਚ ਟਮਾਟਰ ਦੀ ਸੈਂਚਰੀ ਬਣਾ ਦਿੱਤੀ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਦਿੱਲੀ ਦੀ ਰੀਟੇਲ ਮਾਰਕਿਟ ‘ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਕੱਲ੍ਹ ਮਦਰ ਡੇਅਰੀ ਦੇ ਰਿਟੇਲ ਆਊਟਲੈਟ ਸਫਲ ‘ਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਇਸ ਦੇ ਨਾਲ ਹੀ ਸਫਲ ਆਊਟਲੈਟਸ ਤੋਂ ਇਲਾਵਾ ਗੈਰ-ਸੰਗਠਿਤ ਰੀਟੇਲ ਮਾਰਕਿਟ ‘ਚ ਟਮਾਟਰ ਦੀ ਕੀਮਤ 100 ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।

ਹਾਲਾਂਕਿ ਸਰਕਾਰੀ ਅੰਕੜਿਆਂ ਮੁਤਾਬਕ ਟਮਾਟਰ ਦਾ ਭਾਅ ਅਜੇ 100 ਰੁਪਏ ਤੱਕ ਨਹੀਂ ਪਹੁੰਚਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ 20 ਜੁਲਾਈ ਨੂੰ ਦਿੱਲੀ ‘ਚ ਟਮਾਟਰ ਦੀ ਰੋਜ਼ਾਨਾ ਔਸਤ ਰੀਟੇਲ ਕੀਮਤ 93 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਰਕਾਰੀ ਅੰਕੜਿਆਂ ਮੁਤਾਬਕ 20 ਜੁਲਾਈ ਨੂੰ ਟਮਾਟਰ ਦੀ ਰਾਸ਼ਟਰੀ ਔਸਤ ਕੀਮਤ 73.76 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਟਮਾਟਰ ਦੇ ਭਾਅ ਵਧਣ ਲਈ ਖਰਾਬ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੀਟੀਆਈ ਦੀ ਰਿਪੋਰਟ ਵਿੱਚ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਤੋਂ ਬਾਅਦ ਭਾਰੀ ਮੀਂਹ ਕਾਰਨ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਤੋਂ ਪ੍ਰਚੂਨ ਮੰਡੀਆਂ ਵਿੱਚ ਟਮਾਟਰਾਂ ਦੀ ਸਪਲਾਈ ਵਿੱਚ ਵਿਘਨ ਪਿਆ ਹੈ। 

Advertisement