ਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਇਕ ਵਿਅਕਤੀ ਪਾਠ ਕਰਦਿਆਂ ਕੋਈ ਨਸ਼ੀਲੀ ਵਸਤੂ ਹੱਥ ਨਾਲ ਮਲ ਕੇ ਮੂੰਹ ‘ਚ ਪਾ ਰਿਹਾ ਹੈ, ਜਿਸ ਨੂੰ ਵੇਖ ਕੇ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਹਿਰਦੇ ਵਲੂੰਧਰੇ ਗਏ ਹਨ। ਮੁੱਢਲੇ ਤੌਰ ‘ਤੇ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਵੀਡੀਓ ਕਦੋਂ ਦੀ ਹੈ, ਕਿਸ ਜਗ੍ਹਾ ਦੀ ਹੈ ਤੇ ਗੁਰੂ ਮਹਾਰਾਜ ਦੀ ਤਾਬਿਆ ਬੈਠ ਕੇ ਨਸ਼ਾ ਵਰਤ ਰਿਹਾ ਦੁਸ਼ਟ ਵਿਅਕਤੀ ਕੌਣ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਆਦੇਸ਼ ਹੋਇਆ ਹੈ ਕਿ ਸਮੂਹ ਸਿੰਘ ਸਭਾਵਾਂ, ਜਥੇਬੰਦੀਆਂ, ਸੰਪਰਦਾਵਾਂ ਤੇ ਅਖੰਡ ਪਾਠੀ ਵੈਲਫੇਅਰ ਸੁਸਾਇਟੀਆਂ ਆਦਿ, ਜਿਸ ਕਿਸੇ ਕੋਲ ਵੀ ਇਸ ਵੀਡੀਓ ‘ਚ ਦਿਖਾਈ ਦੇ ਰਹੇ ਦੁਸ਼ਟ ਵਿਅਕਤੀ ਦੀ ਪਛਾਣ-ਪਤੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਜਲਦ ਤੋਂ ਜਲਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਉਣ ਦੀ ਖੇਚਲ ਕਰੇ ਤਾਂ ਜੋ ਸਿੱਖ ਭਾਵਨਾਵਾਂ ਨੂੰ ਪੁੱਜੀ ਭਾਰੀ ਠੇਸ ਦੇ ਗੰਭੀਰ ਮਾਮਲੇ ‘ਚ ਪੰਥਕ ਪਰੰਪਰਾਵਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸਸ ਦੇ ਨਾਲ ਅੱਗੇ ਤੋਂ ਕੋਈ ਵੀ ਦੁਸ਼ਟ ਬਿਰਤੀ ਵਾਲਾ ਇਨਸਾਨ ਇਹੋ ਜਿਹਾ ਬੱਜਰ ਗੁਨਾਹ ਕਰਨ ਦਾ ਹੀਆ ਨਾ ਕਰ ਸਕੇ।