: ਟਰੰਪ ਦੇ ਟੈਰਿਫ ਪਿੱਛੋਂ ਵਿਸ਼ਵ ਪੱਧਰ ਉਤੇ ਹਿਲਜੁਲ ਕਾਰਨ ਨਿਵੇਸ਼ਕ ਸੋਨੇ ਦੇ ਭਾਅ ਉਤੇ ਨਜ਼ਰ ਰੱਖ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਸਨ। ਮਾਹਿਰਾਂ ਦਾ ਦਾਅਵਾ ਹੈ ਕਿ ਇਹ 36 ਹਜ਼ਾਰ ਤੱਕ ਸਸਤਾ ਹੋ ਸਕਦਾ ਹੈ। ਪਰ ਇਸੇ ਵਿਚਾਲੇ ਸੋਨੇ ਦੀਆਂ ਕੀਮਤਾਂ (Gold USD) ਵਿਚ ਹੈਰਾਨ ਕਰਨ ਵਾਲਾ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। ਸੋਨੇ ਦੀ ਕੀਮਤ ਇੱਕ ਦਿਨ ਵਿੱਚ 100 ਡਾਲਰ ਤੱਕ ਵਧ ਗਈ। ਕਿਹਾ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇੱਕ ਦਿਨ ਦਾ ਵਾਧਾ ਹੈ। ਬੁੱਧਵਾਰ ਰਾਤ ਨੂੰ ਗੋਲਡ ਯੂਐਸਡੀ 3 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ, ਅਤੇ ਹੁਣ ਇਹ 1.25 ਪ੍ਰਤੀਸ਼ਤ ਦੇ ਵਾਧੇ ਨਾਲ 3124 ਦੇ ਪੱਧਰ ‘ਤੇ ਵਪਾਰ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਹੋਰ ਦੇਸ਼ਾਂ ਉਤੇ ਭਾਰੀ ਟੈਰਿਫਾਂ ਨੂੰ ਅਸਥਾਈ ਤੌਰ ਉਤੇ ਰੋਕ ਦਿੱਤਾ ਹੈ। ਪਰ, ਚੀਨ ਉਤੇ ਟੈਰਿਫ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਦੇ ਡਰ ਕਾਰਨ ਨਿਵੇਸ਼ਕ ਇਸ ਸੁਰੱਖਿਅਤ ਨਿਵੇਸ਼ ਸੰਪਤੀ ਵੱਲ ਮੁੜ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਪਾਟ ਸੋਨਾ 0.2% ਵਧ ਕੇ 3,089.17 ਡਾਲਰ ਪ੍ਰਤੀ ਔਂਸ ਉਤੇ ਪਹੁੰਚ ਗਿਆ। ਅਸਲ ਵਿੱਚ ਸੋਨੇ ਨੂੰ ਰਵਾਇਤੀ ਤੌਰ ‘ਤੇ ਆਰਥਿਕ ਅਤੇ ਰਾਜਨੀਤਿਕ ਅਨਿਸ਼ਚਿਤਤਾ ਦੇ ਵਿਰੁੱਧ ਇੱਕ ਬਚਾਅ ਵਜੋਂ ਦੇਖਿਆ ਜਾਂਦਾ ਹੈ। ਜਦੋਂ ਵੀ ਦੁਨੀਆ ਵਿੱਚ ਅਜਿਹਾ ਤਣਾਅ ਵਧਦਾ ਹੈ, ਲੋਕ ਸੋਨੇ ਵਿੱਚ ਸੁਰੱਖਿਅਤ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਲਗਾਤਾਰ 5 ਦਿਨਾਂ ਤੱਕ ਗਿਰਾਵਟ ਦਾ ਸਾਹਮਣਾ ਕਰਨ ਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ 90,400 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉੱਪਰ ਹੈ।