ਤੇਲੰਗਾਨਾ ਵਿੱਚ ਇੱਕ ਕਾਂਗਰਸੀ ਵਿਧਾਇਕ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਸਿਰ ਕਲਮ ਕਰਨ ਵਾਲੇ ਨੂੰ ਆਪਣੀ ਜ਼ਮੀਨ ਇਨਾਮ ਵਜੋਂ ਦੇਣ ਦੀ ਪੇਸ਼ਕਸ਼ ਕਰਕੇ ਵਿਵਾਦ ਛੇੜ ਦਿੱਤਾ ਹੈ। ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ “ਨੰਬਰ ਇੱਕ ਅੱਤਵਾਦੀ” ਕਹਿਣ ਵਾਲੀ ਟਿੱਪਣੀ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਵਿਧਾਇਕ ਵੇਦਮਾ ਬੋਜੂ (Vedma Bojju) ਨੇ ਇਨਾਮ ਵਜੋਂ ਆਪਣੀ 1.38 ਏਕੜ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ।
ਕਾਂਗਰਸ ਦੇ ਵਿਧਾਇਕ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਨਹੀਂ ਤਾਂ ਵਿਧਾਇਕ ਹੋਣ ਦੇ ਨਾਤੇ ਮੈਂ ਇਹ ਵੀ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਜਾਇਦਾਦ ਤੇ ਆਪਣੇ ਪਿਤਾ ਦੀ ਜਾਇਦਾਦ ਜੋ ਵੀ ਉਸ ਦਾ ਸਿਰ ਲਿਆਏਗਾ, ਉਸ ਨੂੰ ਤੋਹਫ਼ੇ ਵਿੱਚ ਦੇ ਦਿਆਂਗਾ।

ਹਾਲ ਹੀ ‘ਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਸੀ ਕਿ ‘ਜੋ ਦੇਸ਼ ਦੇ ਦੁਸ਼ਮਣ ਗੋਲੀਆਂ, ਬੰਬ, ਗੋਲਾ-ਬਾਰੂਦ, ਰੇਲ ਗੱਡੀਆਂ, ਸੜਕਾਂ, ਹਵਾਈ ਜਹਾਜ਼ ਉਡਾਉਣ ਦੀ ਗੱਲ ਕਰਦੇ ਹਨ, ਉਹ ਹੁਣ ਰਾਹੁਲ ਗਾਂਧੀ ਦੇ ਸਮਰਥਨ ‘ਚ ਆ ਗਏ ਹਨ। ਦੇਸ਼ ਦਾ ਨੰਬਰ ਇਕ ਅੱਤਵਾਦੀ ਹੋਣ ਦਾ ਇਨਾਮ ਜੇ ਕਿਸੇ ਨੂੰ ਮਿਲਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸਨੂੰ ਅੱਜ ਏਜੰਸੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਉਹ ਰਾਹੁਲ ਗਾਂਧੀ ਹੈ।
ਜ਼ਿਕਰਯੋਗ ਹੈ ਕਿ ਬੈਂਗਲੁਰੂ ‘ਚ ਕਾਂਗਰਸੀ ਨੇਤਾਵਾਂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਬੈਂਗਲੁਰੂ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਦੇ ਖ਼ਿਲਾਫ਼ ਧਾਰਾ 353 (ਝੂਠੀ ਜਾਣਕਾਰੀ ਦੇ ਅਧਾਰ ‘ਤੇ ਬਿਆਨ ਦੇਣਾ ਜਾਂ ਅਫਵਾਹਾਂ ਫੈਲਾਉਣਾ), 192 (ਦੰਗੇ ਭੜਕਾਉਣ ਦੇ ਇਰਾਦੇ ਨਾਲ ਭੜਕਾਊ ਬਿਆਨ ਦੇਣਾ), 196 (ਦੋ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।