ਪਾਕਿਸਤਾਨ ਦੇ ਉੱਤਰ-ਪੱਛਮੀ ਬਲੋਚਿਸਤਾਨ ਤੋਂ ਧਮਾਕੇ ਦੀ ਖਬਰ ਆ ਰਹੀ ਹੈ। ਇਹ ਬੰਬ ਧਮਾਕਾ ਰੇਲਵੇ ਸਟੇਸ਼ਨ ਨੇੜੇ ਹੋਇਆ। ਬੰਬ ਧਮਾਕੇ ਵਿਚ 21 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਪਾਕਿਸਤਾਨ ਦੇ ਨਿਊਜ਼ ਚੈਨਲ ਜੀਓ ਨਿਊਜ਼ ਮੁਤਾਬਕ ਇਹ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫਤਰ ‘ਚ ਟਰੇਨ ਦੇ ਪਲੇਟਫਾਰਮ ਉਤੇ ਪਹੁੰਚਣ ਤੋਂ ਠੀਕ ਪਹਿਲਾਂ ਹੋਇਆ। ਸਟੇਸ਼ਨ ਉਤੇ ਭੀੜ-ਭੜੱਕੇ ਕਾਰਨ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਪੁਲਿਸ ਅਤੇ ਬਚਾਅ ਕਰਮਚਾਰੀ ਧਮਾਕੇ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਕਵੇਟਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ ਅਤੇ ਵਾਧੂ ਡਾਕਟਰਾਂ ਅਤੇ ਸਹਾਇਕ ਸਟਾਫ ਨੂੰ ਬੁਲਾਇਆ ਗਿਆ ਹੈ
ਰੇਲਵੇ ਅਧਿਕਾਰੀਆਂ ਮੁਤਾਬਕ ਜਾਫਰ ਐਕਸਪ੍ਰੈਸ ਨੇ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਟ੍ਰੇਨ ਅਜੇ ਪਲੇਟਫਾਰਮ ‘ਤੇ ਨਹੀਂ ਪਹੁੰਚੀ ਸੀ। ਅਧਿਕਾਰੀਆਂ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ।
ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਕਵੇਟਾ ਮੁਹੰਮਦ ਬਲੋਚ ਨੇ ਕਿਹਾ ਕਿ ਇਹ ਧਮਾਕਾ ਆਤਮਘਾਤੀ ਧਮਾਕਾ ਜਾਪਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਪਰੇਸ਼ਨ ਬਲੋਚ ਨੇ ਦੱਸਿਆ ਕਿ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਰੇਲਵੇ ਸਟੇਸ਼ਨ ਦੇ ਅੰਦਰ ਉਸ ਸਮੇਂ ਹੋਇਆ ਜਦੋਂ ਪੇਸ਼ਾਵਰ ਜਾਣ ਵਾਲੀ ਐਕਸਪ੍ਰੈਸ ਆਪਣੀ ਮੰਜ਼ਿਲ ਲਈ ਰਵਾਨਾ ਹੋਣ ਵਾਲੀ ਸੀ। ਪਲੇਟਫਾਰਮ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਾਉਣ ਵਾਲੇ ਧਮਾਕੇ ਦੀ ਆਵਾਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੂਰ-ਦੂਰ ਤੱਕ ਸੁਣਾਈ ਦਿੱਤੀ।
ਬੰਬ ਨਿਰੋਧਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ, ਐਸਐਸਪੀ ਅਪਰੇਸ਼ਨਜ਼ ਨੇ ਕਿਹਾ ਕਿ ਉਹ ਜਲਦੀ ਹੀ ਧਮਾਕੇ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਦੇਣਗੇ।