ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਧਰਨੇ ਕਰਕੇ ਕਈ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ। ਇੱਕ ਪਾਸੇ ਜਿੱਥੇ ਕਈ ਕੈਂਸਲ ਹੋ ਰਹੀਆਂ ਹਨ ਤਾਂ ਕਈਆਂ ਦੇ ਰੂਟ ਬਦਲੇ ਜਾ ਰਹੇ ਹਨ, ਉੱਥੇ ਹੀ ਕਈ ਰੇਲਾਂ ਕਾਫੀ ਘੇਟ ਲੇਟ ਚੱਲ ਰਹੀਆਂ ਹਨ। ਇਸ ਕਰਕੇ ਰੇਲ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖਿਆ ਜਾਏ ਤਾਂ ਹਾਲੇ ਵੀ ਰੇਲਵੇ ਦੀ ਸਥਿਤੀ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਰੇਲਵੇ ਨੇ 16 ਮਈ ਤੱਕ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਯਾਤਰੀਆਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ।
ਜਲੰਧਰ ਕੈਂਟ ਤੇ ਸਿਟੀ ਸਟੇਸ਼ਨ ਤੋਂ ਲੰਘਦਿਆਂ ਨਵੀਂ ਦਿੱਲੀ, ਕੋਲਕਾਤਾ, ਹਰਿਦੁਆਰ ਤੇ ਕਟੜਾ ਵਰਗੇ ਮਹੱਤਵਪੂਰਨ ਸਟੇਸ਼ਨਾਂ ਨੂੰ ਜਾਣ ਵਾਲੀਆਂ 2 ਦਰਜਨ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤਕ ਜਾਣ ਲਈ ਦੂਜੇ ਬਦਲ ਭਾਲਣੇ ਹੋਣਗੇ। ਰੱਦ ਕੀਤੀਆਂ ਗਈਆਂ ਟਰੇਨਾਂ ’ਚ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਟਰੇਨ ਦੇ ਨਾਲ-ਨਾਲ ਪੰਜਾਬ ਦੀ ਪ੍ਰਸਿੱਧ ਟਰੇਨ ਸ਼ਾਨ-ਏ-ਪੰਜਾਬ ਵੀ ਸ਼ਾਮਲ ਹੈ।
ਜਲੰਧਰ ਦੇ ਦੋਵਾਂ ਸਟੇਸ਼ਨਾਂ ਤੋਂ ਹੋ ਕੇ ਅੱਗੇ ਨਿਕਲਣ ਵਾਲੀਆਂ ਦਰਜਨ ਦੇ ਲਗਭਗ ਟਰੇਨਾਂ ’ਚ ਅੱਗੇ ਲਿਖੀਆਂ ਸ਼ਾਮਲ ਹਨ। ਇਨ੍ਹਾਂ ’ਚ 12497-12498 (ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ), 14033-14034 (ਪੁਰਾਣੀ ਦਿੱਲੀ-ਕਟੜਾ), 04689 (ਅੰਬਾਲਾ ਕੈਂਟ-ਜਲੰਧਰ ਸਿਟੀ), 12241 (ਅੰਮ੍ਰਿਤਸਰ-ਚੰਡੀਗੜ੍ਹ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ), 12053-12054 (ਅੰਮ੍ਰਿਤਸਰ-ਹਰਿਦੁਆਰ), 14681-14682 (ਨਵੀਂ ਦਿੱਲੀ-ਜਲੰਧਰ ਸਿਟੀ) ਤੇ 22429-22430 (ਪੁਰਾਣੀ ਦਿੱਲੀ-ਪਠਾਨਕੋਟ) ਟਰੇਨਾਂ ਸ਼ਾਮਲ ਹਨ।