ਨੌਜਵਾਨ ਸ਼ਟਲਰ ਲਕਸ਼ਯ ਸੇਨ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਪੈਰਿਸ ਓਲੰਪਿਕ ‘ਚ ਪੀਵੀ ਸਿੰਧੂ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ-ਚਿਰਾਗ ਸ਼ੈੱਟੀ ਦੀ ਹਾਰ ਤੋਂ ਨਿਰਾਸ਼ ਭਾਰਤੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਲਕਸ਼ਯ ਸੇਨ ਨੇ ਪੈਰਿਸ ਓਲੰਪਿਕ 2024 ਵਿੱਚ ਪੁਰਸ਼ ਸਿੰਗਲ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਉਹ ਓਲੰਪਿਕ ਇਤਿਹਾਸ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਬਣ ਗਿਆ ਹੈ। ਲਕਸ਼ਯ ਨੇ ਆਪਣੇ ਕੁਆਰਟਰ ਫਾਈਨਲ ਮੈਚ ਵਿੱਚ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਤਾਇਵਾਨ ਦੇ ਸ਼ਟਲਰ ਨੂੰ 19-21, 21-15 ਨਾਲ ਹਰਾਇਆ।
ਇੱਕ ਦਿਨ ਪਹਿਲਾਂ ਹੀ ਭਾਰਤ ਨੂੰ ਬੈਡਮਿੰਟਨ ਕੋਰਟ ਵਿੱਚ ਦੋਹਰਾ ਝਟਕਾ ਲੱਗਾ ਸੀ। ਦੇਸ਼ ਲਈ ਤਮਗੇ ਦੀ ਵੱਡੀ ਉਮੀਦ ਬਣੀ ਸਟਾਰ ਸ਼ਟਲਰ ਪੀਵੀ ਸਿੰਧੂ ਲਗਾਤਾਰ ਤੀਜਾ ਓਲੰਪਿਕ ਤਮਗਾ ਜਿੱਤਣ ਤੋਂ ਖੁੰਝ ਗਈ। ਉਸ ਨੂੰ ਪ੍ਰੀ ਕੁਆਰਟਰ ਫਾਈਨਲ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਪੁਰਸ਼ ਡਬਲਜ਼ ਵਿੱਚ ਸਾਤਵਿਕ-ਚਿਰਾਗ ਦੀ ਸੁਪਰਸਟਾਰ ਜੋੜੀ ਨੂੰ ਵੀ ਦਿਲ ਦਹਿਲਾਉਣ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਕੁਆਰਟਰ ਫਾਈਨਲ ਵਿੱਚ ਹੀ ਬਾਹਰ ਹੋ ਗਏ। ਅਜਿਹੇ ‘ਚ ਬੈਡਮਿੰਟਨ ‘ਚ ਭਾਰਤ ਦੀ ਆਖਰੀ ਉਮੀਦ ਲਕਸ਼ਯ ਸੀ, ਜਿਸ ਨੇ ਪ੍ਰੀ-ਕੁਆਰਟਰ ਫਾਈਨਲ ‘ਚ ਭਾਰਤ ਦੇ ਆਪਣੇ ਸੀਨੀਅਰ ਐੱਚ.ਐੱਸ. ਪ੍ਰਣਯ ਨੂੰ ਹਰਾਇਆ।