ਲੁਧਿਆਣਾ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਲਈ ਬੁਰੀ ਖਬਰ ਹੈ। ਸ਼ਹਿਰ ਵਿੱਚ ਫਿਰ ਤੋਂ ਈ-ਚਲਾਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਵਿੱਚ 18 ਚੌਂਕਾਂ ਨੂੰ ਇਸ ਸਹੂਲਤ ਨਾਲ ਕਵਰ ਕੀਤਾ ਜਾਵੇਗਾ, ਜਦਕਿ ਬਾਕੀ ਦੇ 26 ਚੌਂਕਾਂ ਨੂੰ ਵੀ ਇੱਕ ਜਾਂ ਦੋ ਮਹੀਨੇ ਦੇ ਅੰਦਰ ਈ-ਚਲਾਨ ਦੇ ਨਾਲ ਜੋੜਿਆ ਜਾਵੇਗਾ। ਸ਼ਹਿਰ ਦੇ 44 ਚੌਂਕਾਂ ਨੂੰ ਈ-ਚਲਾਨ ਦੀ ਮੁਹਿੰਮ ਨਾਲ ਜੋੜਿਆ ਗਿਆ ਹੈ।
ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਪੰਜ ਚੌਂਕਾਂ ‘ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਲਾਕਡਾਊਨ ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਪਹਿਲੇ ਪੜਾਅ ਵਿੱਚ ਈ-ਚਲਾਨ ਦੇ ਲਈ ਜੋ ਚੌਂਕ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਵਿੱਚ ਜਗਰਾਓਂ ਪੁੱਲ, ਦੁਰਗਾ ਮਾਤਾ ਮੰਦਿਰ, ਭਾਈ ਵਾਲਾ ਚੌਂਕ, ਕਾਕਾ ਮੈਰਿਜ ਪੈਲੇਸ, ਦਾਣਾ ਮੰਡੀ ਚੌਂਕ, ਜਨਤਾ ਨਗਰ, ਵਰਧਮਾਨ ਚੌਂਕ, ਪੁਲਿਸ ਕਾਲੋਨੀ ਚੌਂਕ ਜਮਾਲਪੁਰ, ਵੀਰ ਪੈਲੇਸ ਚੌਂਕ, ਜਮਾਲਪੁਰ ਚੌਂਕ, ਢੋਲੇਵਾਲ ਚੌਂਕ, ਪਾਹਵਾ ਚੌਂਕ, ਮਾਲ ਰੋਡ, ਹੀਰੋ ਬੇਕਰੀ ਚੌਂਕ, ਸੱਗੂ ਚੌਕ, ਮਿੰਟ ਗੁਮਰੀ ਚੌਂਕ, ਸੁਨੇਤ ਚੌਂਕ, ਫਿਰੋਜ਼ਪੁਰ ਰੋਡ ਤੇ ਲੋਧੀ ਕਲੱਬ ਰੋਡ ਚੌਂਕ ਸ਼ਾਮਿਲ ਕੀਤੇ ਗਏ ਹਨ।
ਦਸ ਦੇਈਏ ਕਿ ਜਿਨ੍ਹਾਂ ਚੌਂਕਾਂ ‘ਤੇ ਈ-ਚਲਾਨ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ‘ਤੇ ਉੱਚ-ਕੁਆਲਿਟੀ ਦੇ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਰੂਮ ਵਿੱਚ ਬੈਠੇ ਪੁਲਿਸ ਕਰਮੀ ਲਗਾਤਾਰ ਦੇਖ ਕੇ ਟਰੈਫਿਕ ਨਿਯਮ ਤੋੜਨ ਵਾਲੇ ਵਾਹਨਾਂ ਦੀ ਫੋਟੋ ਖਿੱਚਣਗੇ। ਇਨ੍ਹਾਂ ਟ੍ਰੈਫਿਕ ਨਿਯਮਾਂ ਵਿੱਚ ਰੈੱਡ ਲਾਈਟ ਜੰਪ, ਜੇਬਰਾ ਕ੍ਰਾਸਿੰਗ ਕ੍ਰਾਸ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ, ਟ੍ਰਿਪਲ ਰਾਈਡਿੰਗ, ਓਵਰ ਲੋਡ, ਓਵਰ ਹਾਈਟ ਆਦਿ ਸ਼ਾਮਿਲ ਹੋਣਗੇ