ਲੁਧਿਆਣਾ ‘ਚ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਕਾਰ ‘ਤੇ ਗੋਲੀਬਾਰੀ ਕੀਤੀ ਗਈ। ਕਾਰ ‘ਤੇ ਗੋਲੀਆਂ ਕਿਸ ਨੇ ਚਲਾਈਆਂ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸੰਜੇ ਤਲਵਾੜ ਘਰ ਸਾਊਥ ਸਿਟੀ ਜਨਪਥ ਐਨਕਲੇਵ ਵਿੱਚ ਹੈ ਜਿਸ ਸਮੇਂ ਗੋਲੀਬਾਰੀ ਹੋਈ ਉਸ ਉਸ ਵੇਲੇ ਆਪਣੇ ਘਰ ਵਿੱਚ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਗੋਲੀਬਾਰੀ ਦੀ ਇਹ ਘਟਨਾ ਦੇਰ ਰਾਤ ਦੀ ਹੈ। ਅੱਜ ਸਵੇਰੇ ਜਦੋਂ ਸਾਬਕਾ ਵਿਧਾਇਕ ਸੰਜੇ ਤਲਵਾੜ ਆਪਣੀ ਕਾਰ ਕੋਲ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਕਿਸੇ ਨੇ ਇੱਟ-ਪੱਥਰ ਨਾਲ ਹਮਲਾ ਕੀਤਾ ਹੋਵੇ ਜਾਂ ਕੋਈ ਪਟਾਕਾ ਸ਼ੀਸ਼ੇ ‘ਤੇ ਵੱਜਿਆ ਹੋਵੇ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਪਰ ਜਦੋਂ ਪੁਲਿਸ ਮੁਲਾਜ਼ਮ ਜਾਂਚ ਲਈ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੱਡੀ ਦੇ ਅੰਦਰੋਂ ਇੱਕ ਗੋਲੀ ਦਾ ਖੋਲ ਮਿਲਿਆ।

ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਗੱਡੀ ‘ਤੇ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਸਮੂਹ ਕਾਂਗਰਸੀ ਅਤੇ ਪੁਲਿਸ ਦੇ ਉੱਚ ਅਧਿਕਾਰੀ ਉੱਥੇ ਪਹੁੰਚ ਗਏ | ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਹਵਾ ਵਿੱਚ ਗੋਲੀ ਚਲਾਈ ਸੀ ਅਤੇ ਗੋਲੀ ਵਿੱਚੋਂ ਸਿੱਕਾ ਕਾਰ ਦੇ ਸ਼ੀਸ਼ੇ ਵਿੱਚ ਜਾ ਵੱਜਿਆ ਸੀ। ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਵਿੱਚ ਲੱਗੀ ਹੋਈ ਹੈ ਤਾਂ ਜੋ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਸਕੇ।
ਇਸ ਮੁਤੱਲਕ, ਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਘਟਨਾ ਬਾਰੇ ਹੁਣੇ ਪਤਾ ਲੱਗਾ ਹੈ। ਫਿਲਹਾਲ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।