ਕੇਰਲ ਦੇ ਵਾਇਨਾਡ ‘ਚ ਜ਼ਮੀਨ ਖਿਸਕਣ ਤੋਂ ਬਾਅਦ ਤਬਾਹੀ ਮਚ ਗਈ ਹੈ। ਜ਼ਮੀਨ ਖਿਸਕਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ, ਵਾਇਨਾਡ ਦੇ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਰਿਹਾ।
ਪੀਟੀਆਈ ਦੇ ਅਨੁਸਾਰ, 2 ਅਗਸਤ ਤੱਕ ਮਰਨ ਵਾਲਿਆਂ ਦੀ ਗਿਣਤੀ 387 ਤੱਕ ਪਹੁੰਚ ਗਈ ਹੈ। ਐਤਵਾਰ ਤੱਕ 220 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 180 ਲੋਕ ਅਜੇ ਵੀ ਲਾਪਤਾ ਹਨ। ਰਾਹਤ ਮੁਹਿੰਮ ਤਹਿਤ ਵਾਇਨਾਡ ਵਿੱਚ ਕੁੱਲ 53 ਕੈਂਪ ਬਣਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ਭਰ ਵਿੱਚ ਇਨ੍ਹਾਂ ਕੈਂਪਾਂ ਵਿੱਚ 1983 ਪਰਿਵਾਰਾਂ, 2501 ਮਰਦ, 2677 ਔਰਤਾਂ, 1581 ਬੱਚੇ ਅਤੇ 20 ਗਰਭਵਤੀ ਔਰਤਾਂ ਸਮੇਤ 6759 ਵਿਅਕਤੀਆਂ ਨੂੰ ਸ਼ਿਫਟ ਕੀਤਾ ਗਿਆ ਹੈ। ਸਰਕਾਰ ਨੇ ਮੇਪੜੀ ਅਤੇ ਹੋਰ ਗ੍ਰਾਮ ਪੰਚਾਇਤਾਂ ਵਿੱਚ 16 ਕੈਂਪ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚ 9 ਆਸਰਾ ਅਤੇ 7 ਬਚਾਅ ਕੈਂਪ ਸ਼ਾਮਲ ਹਨ।
ਦੱਸ ਦਈਏ ਕਿ 30 ਜੁਲਾਈ ਨੂੰ ਵਾਇਨਾਡ ਦੇ ਚੂਰਲਮਾਲਾ ਅਤੇ ਮੁੰਡਕਾਈ ‘ਚ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਸੀ ਅਤੇ ਜਾਨ-ਮਾਲ ਦਾ ਨੁਕਸਾਨ ਹੋਇਆ ਸੀ। ਐਤਵਾਰ ਦੇਰ ਰਾਤ, ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ ਵਿੱਚ ਮਾਰੇ ਗਏ ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਦਾ ਸਮੂਹਿਕ ਸਸਕਾਰ ਕੀਤਾ।