ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਬਹਿਸ ਜਾਰੀ ਹੈ। ਭਲਕੇ ਸੰਸਦ ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ। ਇਸਨੂੰ ਰਾਜ ਸਭਾ ਵਿੱਚ ਵੀ ਪੇਸ਼ ਕੀਤਾ ਜਾਵੇਗਾ। ਦਰਅਸਲ, ਵਿੱਤ ਮੰਤਰਾਲੇ ਦਾ ਆਰਥਿਕ ਮਾਮਲਿਆਂ ਦਾ ਵਿਭਾਗ ਹਰ ਸਾਲ ਕੇਂਦਰੀ ਬਜਟ ਤੋਂ ਪਹਿਲਾਂ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕਰਦਾ ਹੈ। ਇਸਨੂੰ ਸੰਸਦ ਦੇ ਦੋਹਾਂ ਸਦਨਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਸਰਵੇ ਵਿੱਚ ਪਿਛਲੇ 12 ਮਹੀਨਿਆਂ ਵਿੱਚ ਭਾਰਤੀ ਅਰਥਵਿਵਸਥਾ ਵਿੱਚ ਹੋਏ ਵਿਕਾਸ ਦਾ ਰੀਵਿਊ ਹੁੰਦਾ ਹੈ। ਸਰਵੇ ਇਸ ਗੱਲ ਦੀ ਵੀ ਜਾਣਕਾਰੀ ਦੇਵੇਗਾ ਕਿ ਇਸ ਵਾਰ ਦੇ ਬਜਟ ਤੋਂ ਕੀ ਉਮੀਦਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਭਲਕੇ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੋਵੇਗਾ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਮਗਰੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਤੀਜੀ ਵਾਰ ਬਣੀ ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਵਿੱਤ ਮੰਤਰੀ ਦੇ ਰੂਪ ਵਿੱਚ ਨਿਰਮਲਾ ਸੀਤਾਰਮਨ ਆਪਣੇ ਕਾਰਜਕਾਲ ਦਾ ਇਹ ਲਗਾਤਾਰ ਸੱਤਵਾਂ ਬਜਟ ਪੇਸ਼ ਕਰ ਕੇ ਇਤਿਹਾਸ ਰਚਣ ਜਾ ਰਹੀ ਹੈ।
ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 12 ਅਗਸਤ ਤੱਕ ਚੱਲੇਗਾ। ਸੈਸ਼ਨ ਦੇ 22 ਦਿਨਾਂ ਵਿੱਚ 19 ਬੈਠਕਾਂ ਹੋਣਗੀਆਂ। 23 ਜੁਲਾਈ ਨੂੰ ਆਮ ਬਜਟ ਪੇਸ਼ ਕੀਤਾ ਜਾਵੇਗਾ। ਇਸਦੇ ਬਾਅਦ 6 ਨਵੇਂ ਬਿੱਲ ਪੇਸ਼ ਕੀਤੇ ਜਾਣਗੇ। ਜੰਮੂ-ਕਸ਼ਮੀਰ ਦਾ ਬਜਟ ਵੀ ਇਸੇ ਸੈਸ਼ਨ ਵਿੱਚ ਪੇਸ਼ ਹੋਵੇਗਾ।