ਵੋਟਿੰਗ ਦੌਰਾਨ ਫਾਇਰਿੰਗ, ਇਕ ਜ਼ਖਮੀ, ਲੱਥੀਆਂ ਪੱਗਾਂ

ਤਰਨਤਾਰਨ ‘ਚ ਵੋਟਿੰਗ ਦੌਰਾਨ ਫਾਇਰਿੰਗ ਦੀ ਖਬਰ ਆ ਰਹੀ ਹੈ। ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚੱਲੀਆਂ ਹਨ। ਦਸ ਦੇਈਏ ਕਿ ਇੱਕ ਸ਼ਖਸ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਪਿੰਡ ਸੋਹਲ ਸੈਣ ਭਗਤ ‘ਚ ਝੜਪ ਦੌਰਾਨ ਫਾਇਰਿੰਗ ਹੋਈ ਹੈ।

ਲਾਈਨ ‘ਚ ਲੱਗਣ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ। ਇਸ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਲੱਥੀਆਂ ਹਨ। ਪੁਲਿਸ ਸਥਿਤੀ ਨੂੰ ਕਾਬੂ ਕਰਨ ਵਿਚ ਲੱਗੀ ਹੋਈ ਹੈ।

ਪੰਜਾਬ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਕਈ ਥਾਈਂ ਖੜਕਾ-ਦੜਕਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂ ਇਲਾਵਾ ਕਈ ਥਾਵਾਂ ਉੁਪਰ ਵੋਟਿੰਗ ਰੱਦ ਵੀ ਕੀਤੀ ਗਈ ਹੈ। ਸਵੇਰੇ ਵੋਟਿੰਗ ਦੀ ਰਫਤਾਰ ਮੱਠੀ ਰਹੀ। ਰਿਪੋਰਟਾਂ ਮੁਤਾਬਕ 10 ਵਜੇ ਤੱਕ 10.5 ਫੀਸਦੀ ਹੀ ਵੋਟਿੰਗ ਹੋਈ। 

ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜਗਰਾਉਂ ਦੇ ਪਿੰਡ ਪੋਨਾ ਤੇ ਪਿੰਡ ਡੱਲਾ ਵਿੱਚ ਸਰਪੰਚ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਡੀਸੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ। ਸੂਤਰਾਂ ਮੁਕਾਬਕ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਐਨਓਸੀ ਸਬੰਧੀ ਕੁਝ ਸ਼ਿਕਾਇਤਾਂ ਮਿਲੀਆਂ ਸਨ ਜਿਸ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ। ਇਸੇ ਤਰ੍ਹਾਂ ਜਗਰਾਓਂ ਦੇ ਪਿੰਡ ਕੋਠੇ ਅਠਚੱਕ ‘ਚ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਝਗੜਾ ਹੋ ਗਿਆ। ਲੋਕਾਂ ਦੇ ਹੰਗਾਮੇ ਤੋਂ ਬਾਅਦ ਇੱਥੇ ਵੋਟਿੰਗ ਰੁਕ ਗਈ।

ਦਸ ਦਈਏ ਕਿ ਪੰਚਾਇਤੀ ਚੋਣਾਂ ਲਈ 96 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਅੱਜ ਹੀ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ। ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ ਹਨ। ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ 3,798 ਸਰਪੰਚ ਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

Advertisement