ਪੰਜਾਬ ਵਿੱਚ ਅੱਜ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਹਨ। ਇਸ ਦੌਰਾਨ ਪਟਿਆਲਾ ਵਿੱਚ ਮਾਹੌਲ ਉਸ ਸਮੇਂ ਭਖਿਆ ਜਦੋਂ ਵਾਰਡ ਨੰ. 12 ਵਿੱਚ ਇੱਕ ਆਗੂ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਦਰਅਸਲ, ਇਸ ਵਾਰਡ ਦਾ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆ ਅਕਾਲੀ ਆਗੂ ਸੁਖਜਿੰਦਰ ਪਾਲ ਸਿੰਘ ਮਿੰਟਾ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ।
ਦਸ ਦੇਈਏ ਕਿ ਮਿੰਟਾ ਨੇ ਦੋਸ਼ ਲਗਾਇਆ ਹੈ ਕਿ ਵਿਰੋਧੀ ਧਿਰ ਵੱਲੋਂ ਉਸ ਦੇ ਚੋਣ ਬੂਥ ਨੂੰ ਉਖਾੜ ਕੇ ਸੁੱਟ ਦਿੱਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸ਼ਰੇਆਮ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਅੱਜ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਨਗਰ ਨਿਗਮਾਂ ਵਿੱਚ ਵੋਟਾਂ ਪੈਣ ਤੋਂ ਬਾਅਦ ਅੱਜ ਨਤੀਜੇ ਵੀ ਐਲਾਨੇ ਜਾਣਗੇ। ਪੰਜਾਬ ਦੀਆਂ 5 ਨਗਰ ਨਿਗਮਾਂ ਤੋਂ ਇਲਾਵਾ 44 ਨਗਰ ਕੌਂਸਲਾਂ ਵਿੱਚ ਵੀ ਚੋਣਾਂ ਹੋ ਰਹੀਆਂ ਹਨ।