ਬਿਹਾਰ ਦੇ ਸਾਰੇ ਸਕੂਲਾਂ ਵਿਚ ਅੱਜ ਤੋਂ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਕਲਾਸਾਂ ਲੱਗਣਗੀਆਂ, ਜਦੋਂ ਕਿ ਅਧਿਆਪਕਾਂ ਨੂੰ 1:30 ਵਜੇ ਤੋਂ ਬਾਅਦ ਛੁੱਟੀ ਮਿਲੇਗੀ। ਬਿਹਾਰ ਸੈਕੰਡਰੀ ਸਿੱਖਿਆ ਸੰਘ ਨੇ ਆਪਣੇ ਪੱਤਰ ਰਾਹੀਂ ਦੱਸਿਆ ਗਿਆ ਹੈ ਕਿ 16 ਮਈ ਤੋਂ ਸਾਰੇ ਸਕੂਲਾਂ (ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਸੈਕੰਡਰੀ ਸਮੇਤ ਸੰਸਕ੍ਰਿਤ) ਵਿੱਚ ਇਸ ਨਿਯਮ ਦੀ ਪਾਲਣਾ ਕੀਤੀ ਜਾਵੇਗੀ।
ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਅਧਿਆਪਨ ਗਤੀਵਿਧੀਆਂ ਹੋਣਗੀਆਂ, ਜਦਕਿ ਇਸ ਤੋਂ ਬਾਅਦ ‘ਮਿਸ਼ਨ ਦਕਸ਼’ ਤਹਿਤ ਸਕੂਲ ਦੇ ਕਮਜ਼ੋਰ ਬੱਚਿਆਂ ਨੂੰ ਵਿਸ਼ੇਸ਼ ਕਲਾਸਾਂ ਲਗਾਈਆਂ ਜਾਣਗੀਆਂ। ਦੁਪਹਿਰ ਦੇ ਖਾਣੇ ਦਾ ਸਮਾਂ 10 ਤੋਂ 10:30 ਵਜੇ ਤੱਕ ਰੱਖਿਆ ਗਿਆ ਹੈ।
ਨਾਲ ਹੀ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਦੁਪਹਿਰ 1:30 ਵਜੇ ਤੋਂ ਬਾਅਦ ਹੀ ਸਕੂਲ ਦੀ ਇਮਾਰਤ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਸਵੇਰੇ 8 ਵਜੇ ਤੋਂ ਹੀ ਕਲਾਸਾਂ ਚੱਲ ਰਹੀਆਂ ਸਨ। ਹੁਣ ਸੈਕੰਡਰੀ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਇਸ ਹੁਕਮ ਕਾਰਨ ਅਧਿਆਪਕਾਂ ਨੂੰ ਸਵੇਰੇ 6 ਵਜੇ ਤੋਂ ਹੀ ਸਕੂਲ ਆਉਣਾ ਪਵੇਗਾ। ਇਹ ਹੁਕਮ 16 ਮਈ ਤੋਂ 30 ਜੂਨ ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ ਅਧਿਆਪਕ ਕਾਪੀਆਂ ਦੇ ਮੁਲਾਂਕਣ ਸਮੇਤ ਹੋਰ ਪ੍ਰਸ਼ਾਸਨਿਕ ਕੰਮ ਕਰਦੇ ਰਹਿਣਗੇ।
ਇਸ ਪੱਤਰ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ 90 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਮਜ਼ੋਰ ਵਿਦਿਆਰਥੀਆਂ ਲਈ ਰੋਜ਼ਾਨਾ ਦੁਪਹਿਰ 12 ਤੋਂ 1:30 ਵਜੇ ਤੱਕ ਵਿਸ਼ੇਸ਼ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਸਿੱਖਿਆ ਵਿਭਾਗ ਦੇ ਡਾਇਰੈਕਟਰ ਕਨ੍ਹਈਆ ਪ੍ਰਸਾਦ ਸ਼੍ਰੀਵਾਸਤਵ ਨੇ ਇਹ ਹੁਕਮ ਜਾਰੀ ਕੀਤਾ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ।