ਸਮੁੰਦਰ ਵਿੱਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਕ੍ਰੂ ਮੈਂਬਰ ਸਨ ਸਵਾਰ

ਓਮਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਅਨੁਸਾਰ ਯਮਨ ਵੱਲ ਜਾ ਰਿਹਾ ਇੱਕ ਤੇਲ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਕ ਇਸ ਤੇਲ ਟੈਂਕਰ ਦਾ ਨਾਂ ਪ੍ਰੈਸਟੀਜ ਫਾਲਕਨ ਦੱਸਿਆ ਜਾ ਰਿਹਾ ਹੈ, ਜਿਸ ‘ਤੇ ਸਵਾਰ 16 ਕ੍ਰੂ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਤੇਲ ਦੇ ਜਹਾਜ਼ ‘ਚ ਸਵਾਰ 16 ਕ੍ਰੂ ਮੈਂਬਰਾਂ ‘ਚੋਂ 13 ਭਾਰਤੀ ਨਾਗਰਿਕ ਅਤੇ ਤਿੰਨ ਸ੍ਰੀਲੰਕਾ ਦੇ ਨਾਗਰਿਕ ਦੱਸੇ ਜਾਂਦੇ ਹਨ, ਪਰ ਉਹ ਕਿੱਥੇ ਅਤੇ ਕਿਸ ਹਾਲਤ ‘ਚ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਦੇ ਅਨੁਸਾਰ, ਇਹ ਤੇਲ ਦਾ ਜਹਾਜ਼ ਪੂਰਬੀ ਅਫਰੀਕੀ ਦੇਸ਼ ਕੋਮੋਰੋਜ ਦਾ ਝੰਡਾ ਲੈ ਕੇ ਜਾ ਰਿਹਾ ਸੀ। ਮੰਗਲਵਾਰ ਨੂੰ ਇਹ ਤੇਲ ਟੈਂਕਰ ਓਮਾਨ ਦੀ ਮੁੱਖ ਉਦਯੋਗਿਕ ਦੁਕਮ ਬੰਦਰਗਾਹ ਨੇੜੇ ਡੁੱਬ ਗਿਆ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਸਮੁੰਦਰੀ ਸੁਰੱਖਿਆ ਕੇਂਦਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹ ਕੋਮੋਰੋਜ ਦੇ ਝੰਡੇ ਵਾਲਾ ਇਹ ਤੇਲ ਦਾ ਟੈਂਕਰ ਰਾਸ ਮਦਰਾਕਾਹ ਦੇ ਦੱਖਣ ਪੂਰਬ ਦੀ ਦਿਸ਼ਾ ਵਿਚ 25NM ਡੁੱਬ ਗਿਆ ਹੈ। ਇਸ ਦੀ ਜਾਂਚ ਅਤੇ ਰਾਹਤ ਬਚਾਅ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਟੈਂਕਰ ਯਮਨ ਵੱਲ ਜਾ ਰਿਹਾ ਸੀ, ਉਦੋਂ ਇਹ ਦੁਕਮ ਬੰਦਰਗਾਹ ਨੇੜੇ ਪਲਟ ਗਿਆ। ਟੈਂਕਰ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਅਧਿਕਾਰੀਆਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਪਰ ਤਾਜ਼ਾ ਜਾਣਕਾਰੀ ਅਨੁਸਾਰ ਟੈਂਕਰ ਵਿੱਚ ਸਵਾਰ ਲੋਕਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੀਡੀਆ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਜੋ ਟੈਂਕਰ ਡੁੱਬਿਆ ਹੈ, ਉਹ ਕਰੀਬ 117 ਮੀਟਰ ਲੰਬਾ ਹੈ ਅਤੇ ਇਸ ਨੂੰ ਸਾਲ 2017 ‘ਚ ਬਣਾਇਆ ਗਿਆ ਸੀ।

Advertisement