ਨਸ਼ੇ ਖ਼ਿਲਾਫ਼ ਵਿੱਡੀ ਆਪਣੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਮਲੋਟ ਦੇ ਪਿੰਡ ਅਬੁਲ ਖੁਰਾਨਾ ਦੇ ਸ਼ਮਸ਼ਾਨਘਾਟ ਵਿਚ ਛਾਪੇਮਾਰੀ ਕਰ ਕੇ ਪੁਲਸ ਮੁਲਾਜ਼ਮ ਸੰਦੀਪ ਕੁਮਾਰ ਜੋ ਪਹਿਲਾਂ ਹੀ ਸਸਪੈਂਡ ਕੀਤਾ ਹੋਇਆ ਹੈ ਅਤੇ ਪੰਚਾਇਤ ਮੈਂਬਰ ਸਣੇ 4 ਲੋਕਾਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਥਾਣਾ ਸਿਟੀ ਮਲੋਟ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਚਾਰਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਨ੍ਹਾਂ ਨੂੰ 1 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਥਾਣਾ ਸਿਟੀ ਮਲੋਟ ਦੇ ਇੰਚਾਰਜ ਐੱਸ.ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਤੇ ਕਮੇਟੀਆਂ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਲੋਕਾਂ ਨੇ ਦੱਸਿਆ ਸੀ ਕਿ ਸ਼ਮਸ਼ਾਨਘਾਟ ‘ਤੇ ਅਕਸਰ ਨਸ਼ੇੜੀ ਕਿਸਮ ਦੇ ਲੋਕ ਨਸ਼ੇ ਆਦਿ ਦਾ ਸੇਵਨ ਕਰਦੇ ਹਨ। ਜਦੋਂ ਪੁਲਸ ਟੀਮ ਨੇ ਛਾਪੇਮਾਰੀ ਕੀਤੀ ਤਾਂ ਉੱਥੋਂ ਚਾਰ ਲੋਕ ਨਸ਼ਾ ਕਰਦੇ ਮਿਲੇ।
ਇਨ੍ਹਾਂ ਵਿਚ ਪੁਲਸ ਕਾਂਸਟੇਬਲ ਸੰਦੀਪ ਸਿੰਘ, ਪੰਚਾਇਤ ਮੈਂਬਰ ਅਮਨਦੀਪ ਸਿੰਘ, ਕੁਲਦੀਪ ਸਿੰਘ ਅਤੇ ਤੇਜਪਾਲ ਸਿੰਘ ਸ਼ਾਮਲ ਹਨ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਤੇ ਕਰਨ ਦੇ ਮਾਮਲਿਆਂ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੁਲਸ ਕਾਂਸਟੇਬਲ ਫਰੀਦਕੋਟ ਵਿਚ ਤਾਇਨਾਤ ਸੀ ਤੇ ਉਸ ਨੂੰ ਨਸ਼ੇ ਕਰਨ ਕਰ ਕੇ ਸਸਪੈਂਡ ਕਰ ਦਿੱਤਾ ਗਿਆ ਸੀ।