ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਉਣ ਦੇ ਬਾਵਜੂਦ ਅਮਰੀਕਾ ਨੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲੀਲ ਕਰਨ ਦੀ ਰਣਨੀਤੀ ਬਦਲੀ ਨਹੀਂ। ਇਸ ਵਾਰ ਤਾਂ ਅਮਰੀਕੀ ਫੌਜ ਦੇ ਅਧਿਕਾਰੀ ਸਾਰੀਆਂ ਹੱਦਾਂ ਪਾਰ ਕਰ ਗਏ। ਇਸ ਦਾ ਖੁਲਾਸਾ ਇੱਕ ਸਿੱਖ ਨੌਜਵਾਨ ਨੇ ਕੀਤਾ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਅਮਰੀਕੀ ਜਹਾਜ਼ ਵਿੱਚੋ ਨੰਗੇ ਸਿਰ ਉੱਤਰੇ ਸਿੱਖ ਨੌਜਵਾਨ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਦੇ ਸੈਨਿਕਾਂ ਨੇ ਉਸ ਦੀ ਪੱਗ ਲਾਹ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ। ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਵੀ ਕੱਟ ਦਿੱਤੇ।
ਦਰਅਸਲ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਇੱਕ ਸਿੱਖ ਨੌਜਵਾਨ ਬਿਨਾਂ ਪੱਗ ਬੰਨ੍ਹੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ। ਉਹ ਸ਼ਨੀਵਾਰ (15 ਫਰਵਰੀ) ਰਾਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 116 ਭਾਰਤੀਆਂ ਦੇ ਜੱਥੇ ਵਿੱਚ ਸ਼ਾਮਲ ਸੀ। ਉਸ ਦੀ ਨੰਗੇ ਸਿਰ ਵਾਲੀ ਫੋਟੋ ਵਾਇਰਲ ਹੋ ਗਈ। ਇਸ ਲਈ ਸੋਸ਼ਲ ਮੀਡੀਆ ਉਪਰ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਹ ਨੌਜਵਾਨ ਕੌਣ ਸੀ ਤੇ ਉਸ ਨੇ ਪੱਗ ਕਿਉਂ ਨਹੀਂ ਬੰਨ੍ਹੀ ਹੋਈ ਸੀ।
ਹੁਣ ਇਹ ਨੌਜਵਾਨ ਮੀਡੀਆ ਸਾਹਮਣੇ ਆਇਆ ਹੈ। ਉਸ ਦਾ ਨਾਮ ਮਨਦੀਪ ਸਿੰਘ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਭਾਰਤੀ ਫੌਜ ਤੋਂ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਰਿਟਾਇਰਮੈਂਟ ਦੌਰਾਨ ਮਿਲੇ ਪੈਸੇ ਤੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਚਲਾ ਗਿਆ। ਉਸ ਨੇ ਦੱਸਿਆ ਕਿ ਅਮਰੀਕੀ ਸੈਨਿਕਾਂ ਨੇ ਉਸ ਦੀ ਪੱਗ ਉਤਾਰ ਕੇ ਕੂੜੇਦਾਨ ਵਿੱਚ ਸੁੱਟ ਦਿੱਤੀ। ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਵੀ ਕੱਟ ਦਿੱਤੇ। ਉਸ ਦੇ ਹੱਥਾਂ ਤੇ ਪੈਰਾਂ ਵਿੱਚ ਹੱਥਕੜੀਆਂ ਤੇ ਬੇੜੀਆਂ ਲਾਈਆਂ ਗਈਆਂ।

ਮਨਦੀਪ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਫੌਜ ਵਿੱਚ ਸੀ। ਉਹ 17 ਸਾਲ ਦੀ ਸੇਵਾ ਤੋਂ ਬਾਅਦ ਉੱਥੋਂ ਸੇਵਾਮੁਕਤ ਹੋਇਆ। ਉਹ ਘਰ ਵਿਹਲਾ ਬੈਠਾ ਸੀ। ਇਸ ਲਈ ਉਸ ਨੇ ਵਿਦੇਸ਼ ਜਾਣ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ। ਇਸ ਲਈ ਟ੍ਰੈਵਲ ਏਜੰਟਾਂ ਨਾਲ ਗੱਲ ਕੀਤੀ। ਏਜੰਟ ਨੇ ਕਿਹਾ ਕਿ ਇਸ ਦੀ ਕੀਮਤ 40 ਲੱਖ ਰੁਪਏ ਹੋਵੇਗੀ। ਉਹ ਉਸ ਨੂੰ ਅਮਰੀਕਾ ਭੇਜ ਦੇਵੇਗਾ। ਉਸ ਨੂੰ ਫੌਜ ਤੋਂ ਸੇਵਾਮੁਕਤੀ ਤੋਂ ਬਾਅਦ 35 ਲੱਖ ਰੁਪਏ ਮਿਲੇ ਸਨ। ਉਹ ਏਜੰਟ ਨੂੰ ਦੇ ਦਿੱਤੇ। ਬਾਕੀ 5 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਉਸ ਨੇ ਆਪਣੀ ਪਤਨੀ ਦੇ ਗਹਿਣੇ ਵੇਚ ਦਿੱਤੇ। ਇਸ ਤੋਂ ਬਾਅਦ ਏਜੰਟ ਦੀ 40 ਲੱਖ ਰੁਪਏ ਦੀ ਮੰਗ ਪੂਰੀ ਹੋ ਗਈ।
ਇਸ ਤੋਂ ਬਾਅਦ ਏਜੰਟ ਨੇ ਹੋਰ 14 ਲੱਖ ਰੁਪਏ ਮੰਗੇ। ਜਦੋਂ ਮੈਂ ਕਿਹਾ ਕਿ ਹੋਰ ਪੈਸੇ ਨਹੀਂ, ਤਾਂ ਏਜੰਟ ਨੇ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਏਜੰਟ ਨੂੰ ਖਾਲੀ ਚੈੱਕ ਦਿੱਤੇ ਤੇ ਕਰਜ਼ਾ ਲੈ ਕੇ 14 ਲੱਖ ਰੁਪਏ ਦਾ ਪ੍ਰਬੰਧ ਕੀਤਾ। ਫਿਰ ਪਿਛਲੇ ਸਾਲ 13 ਅਗਸਤ ਨੂੰ ਅਮਰੀਕਾ ਜਾਣ ਲਈ ਘਰੋਂ ਨਿਕਲਿਆ। ਟ੍ਰੈਵਲ ਏਜੰਟ ਨੇ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਬੁਲਾਇਆ। ਫਿਰ ਦਿੱਲੀ ਤੋਂ ਮੁੰਬਈ, ਕੀਨੀਆ, ਡਕਾਰ, ਐਮਸਟਰਡਮ ਹੁੰਦੇ ਹੋਏ ਸੂਰੀਨਾਮ ਪਹੁੰਚਿਆ। ਉਹ ਇੱਥੇ ਉਡਾਣ ਰਾਹੀਂ ਪਹੁੰਚਿਆ। ਇਸ ਤੋਂ ਬਾਅਦ ਉਹ ਸੂਰੀਨਾਮ ਤੋਂ ਕਾਰ ਰਾਹੀਂ ਜਾਂ ਪੈਦਲ ਯਾਤਰਾ ਕਰਕੇ ਗੁਆਨਾ, ਬੋਲੀਵੀਆ, ਪੇਰੂ, ਬ੍ਰਾਜ਼ੀਲ, ਇਕਵਾਡੋਰ, ਕੋਲੰਬੀਆ ਤੇ ਪਨਾਮਾ ਦੇ ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਅਮਰੀਕਾ ਪਹੁੰਚਿਆ।
ਮਨਦੀਪ ਨੇ ਕਿਹਾ ਕਿ ਜਿਵੇਂ ਹੀ ਉਹ ਮੈਕਸੀਕੋ ਦੀ ਕੰਧ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਉੱਥੇ ਫੌਜ ਨੇ ਫੜ ਲਿਆ। ਉਨ੍ਹਾਂ ਨੇ ਸਾਰੇ ਕੱਪੜੇ ਉਤਾਰਨ ਲਈ ਕਿਹਾ। ਇੱਕ ਸਿੱਖ ਹੋਣ ਦੇ ਨਾਤੇ ਮੈਂ ਉਨ੍ਹਾਂ ਨੂੰ ਧਾਰਮਿਕ ਮਹੱਤਵ ਦਾ ਹਵਾਲਾ ਦਿੰਦੇ ਹੋਏ ਅਜਿਹਾ ਨਾ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀ। ਉਨ੍ਹਾਂ ਨੇ ਮੇਰੀ ਪੱਗ ਉਤਾਰ ਦਿੱਤੀ ਤੇ ਕੂੜੇਦਾਨ ਵਿੱਚ ਸੁੱਟ ਦਿੱਤੀ। ਮੇਰੀ ਦਾੜ੍ਹੀ ਤੇ ਵਾਲ ਛੋਟੇ ਕਰ ਦਿੱਤੇ। ਉੱਥੇ ਸਾਨੂੰ ਸਿਰਫ਼ ਪਜਾਮਾ, ਕਮੀਜ਼ਾਂ, ਮੋਜ਼ੇ ਤੇ ਜੁੱਤੇ ਪਹਿਨਣ ਦੀ ਇਜਾਜ਼ਤ ਸੀ। ਜੁੱਤੀਆਂ ਦੇ ਤਸਮੇ ਵੀ ਉਤਾਰ ਦਿੱਤੇ ਗਏ। ਜਦੋਂ ਮੇਰੇ ਸਮੇਤ ਹੋਰ ਸਿੱਖ ਨੌਜਵਾਨਾਂ ਨੇ ਪੱਗ ਵਾਪਸ ਕਰਨ ਦੀ ਮੰਗ ਕੀਤੀ ਤਾਂ ਅਮਰੀਕੀ ਸੈਨਿਕਾਂ ਨੇ ਕਿਹਾ ਕਿ ਜੇਕਰ ਕੋਈ ਇਸ ਨਾਲ ਫਾਂਸੀ ਲਾ ਲੈਂਦਾ ਹੈ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?
ਉਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਸਾਨੂੰ ਇੱਕ ਕੈਂਪ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਜਦੋਂ ਦੇਸ਼ ਨਿਕਾਲਾ ਦੇਣ ਦਾ ਸਮਾਂ ਆਇਆ, ਤਾਂ ਉਸ ਦੀਆਂ ਲੱਤਾਂ ਵਿੱਚ ਬੇੜੀਆਂ ਪਾ ਦਿੱਤੀਆਂ ਗਈਆਂ ਤੇ ਹੱਥਾਂ ਵਿੱਚ ਹੱਥਕੜੀਆਂ ਲਗਾਈਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਉਥੋਂ ਨੰਗੇ ਸਿਰ ਬਾਹਰ ਕੱਢਿਆ ਗਿਆ। ਫਿਰ ਸਾਨੂੰ ਇੱਕ ਅਮਰੀਕੀ ਫੌਜੀ ਜਹਾਜ਼ ਵਿੱਚ ਬਿਠਾ ਦਿੱਤਾ ਗਿਆ। ਜਿੱਥੇ ਸਾਰੇ ਆਦਮੀਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਸਨ ਤੇ ਬੇੜੀਆਂ ਨਾਲ ਬੰਨ੍ਹਿਆ ਗਿਆ ਸੀ।