ਹਿਮਾਚਲ ਪ੍ਰਦੇਸ਼ ‘ਚ ਸੜਕ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਤਾਜ਼ਾ ਮਾਮਲੇ ‘ਚ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਸ਼ਿਮਲਾ ਜ਼ਿਲ੍ਹੇ ਵਿੱਚ ਵਾਪਰਿਆ ਅਤੇ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹਨ। ਹਾਦਸੇ ਤੋਂ ਬਾਅਦ ਬੱਸ ਇਕ ਸੜਕ ਤੋਂ ਦੂਜੀ ਸੜਕ ‘ਤੇ ਜਾ ਡਿੱਗੀ ਅਤੇ ਸਾਈਡ ‘ਤੇ ਜਾ ਕੇ ਫਸ ਗਈ। ਫਿਲਹਾਲ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਰਵਾਨਾ ਹੋ ਗਈ ਹੈ।
ਦਸ ਦੇਈਏ ਕਿ ਇਹ ਹਾਦਸਾ ਸ਼ਿਮਲਾ ਤੋਂ 90 ਕਿਲੋਮੀਟਰ ਦੂਰ ਵਾਪਰਿਆ। ਐਚਆਰਟੀਸੀ ਦੀ ਗਿਲਟਾਡੀ ਰੋਡ, ਜੋ ਸ਼ੁੱਕਰਵਾਰ ਸਵੇਰੇ ਜੁਬਲ ਵਿੱਚ ਆਪਣੇ ਰੂਟ ‘ਤੇ ਜਾ ਰਹੀ ਸੀ, ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਬੱਸ ਇੱਕ ਸੜਕ ਤੋਂ ਪਲਟ ਗਈ ਅਤੇ ਹੇਠਾਂ ਦੂਜੀ ਸੜਕ ਦੇ ਕਿਨਾਰੇ ‘ਤੇ ਜਾ ਵੱਜੀ। ਹਾਦਸੇ ਵਿੱਚ ਬੱਸ ਦੇ ਪਰਖੱਚੇ ਉੱਡ ਗਏ। ਘਟਨਾ ਦੌਰਾਨ ਬੱਸ ਵਿੱਚ ਕੁੱਲ 7 ਲੋਕ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਰੋਹੜੂ ਡਿਪੂ ਦੀ ਇਹ ਬੱਸ ਕੁੱਡੂ ਤੋਂ ਜੁਬਲ ਤਹਿਸੀਲ ਅਧੀਨ ਪੈਂਦੇ ਗਿਲਟਾਡੀ ਵੱਲ ਜਾ ਰਹੀ ਸੀ। ਇਹ ਬੱਸ ਸਵੇਰੇ ਛੇ ਵਜੇ ਰੂਟ ‘ਤੇ ਚੱਲੀ ਪਰ ਚਾਰ ਕਿਲੋਮੀਟਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੰਡਕਟਰ ਦੀ ਹਸਪਤਾਲ ‘ਚ ਮੌਤ ਹੋ ਗਈ। ਮਹੱਤਵਪੂਰਨ ਗੱਲ ਇਹ ਹੈ ਕਿ ਮਰਨ ਵਾਲਿਆਂ ਵਿੱਚ ਡਰਾਈਵਰ-ਕੰਡਕਟਰ ਅਤੇ ਨੇਪਾਲੀ ਮੂਲ ਦਾ ਇੱਕ ਆਦਮੀ ਅਤੇ ਔਰਤ ਸ਼ਾਮਲ ਹੈ। ਸਥਾਨਕ ਐਸ.ਡੀ.ਐਮ. ਮੌਕੇ ‘ਤੇ ਪਹੁੰਚੀ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।