ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ ਵੱਡਾ ਹਾਦਸਾ ਵਾਪਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦਸ ਦੇਈਏ ਕਿ ਜੇਹਲਮ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਇਸ ਕਿਸ਼ਤੀ ‘ਚ ਸਕੂਲੀ ਬੱਚਿਆਂ ਸਮੇਤ ਕਰੀਬ 12 ਲੋਕ ਸਵਾਰ ਸਨ, ਉਨ੍ਹਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 7 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਦਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਰੋਜ਼ਾਨਾ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾਂਦੀ ਹੈ। ਅੱਜ ਜੋ ਕਿਸ਼ਤੀ ਪਲਟ ਗਈ, ਉਸ ਵਿੱਚ ਸਕੂਲੀ ਬੱਚੇ, ਉਨ੍ਹਾਂ ਦੇ ਮਾਪੇ ਅਤੇ ਮਜ਼ਦੂਰ ਸ਼ਾਮਲ ਸਨ। ਇਹ ਲੋਕ ਹਰ ਰੋਜ਼ ਇਸੇ ਤਰ੍ਹਾਂ ਦੀ ਕਿਸ਼ਤੀ ਰਾਹੀਂ ਜੇਹਲਮ ਦਰਿਆ ਪਾਰ ਕਰਦੇ ਸਨ। ਪਿਛਲੇ ਕਈ ਘੰਟਿਆਂ ‘ਚ ਹੋਈ ਭਾਰੀ ਬਾਰਿਸ਼ ਕਾਰਨ ਜੇਹਲਮ ਦਾ ਪਾਣੀ ਪੱਧਰ ਵਧ ਗਿਆ ਹੈ। ਜਿਸ ਕਾਰਨ ਕਿਸ਼ਤੀ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਮਲਾਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਪੁਲਿਸ ਅਤੇ SDRF ਦੀ ਟੀਮ ਵੀ ਬਚਾਅ ਵਿੱਚ ਜੁੱਟ ਗਈ। ਬਚਾਏ ਗਏ 7 ਲੋਕਾਂ ‘ਚੋਂ 3 ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚ ਸ਼ਬੀਰ ਅਹਿਮਦ (26), ਗੁਲਜ਼ਾਰ ਅਹਿਮਦ (41), 32 ਅਤੇ 18 ਸਾਲ ਦੀਆਂ ਦੋ ਮਹਿਲਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਵਿੱਚ ਮੌਸਮ ਖ਼ਰਾਬ ਹੈ। ਪਿਛਲੇ 48 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਜੇਹਲਮ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਹੈ। ਸੂਬੇ ‘ਚ ਗੜ੍ਹੇਮਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ‘ਚ ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਹੈ। 18 ਅਪ੍ਰੈਲ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ।