ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਅੱਜ ਨੌਵਾਂ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਵਿਚ ਕਈ ਉੱਘੀਆਂ ਸ਼ਖਸੀਅਤਾਂ ਮੌਜੂਦ ਰਹਿਣਗੀਆਂ। ਨੌਵੀਂ ਕਨਵੋਕੇਸ਼ਨ ਦੌਰਾਨ ਕੁੱਲ 864 ਪੀਜੀ/ਪੀਐਚਡੀ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਵਿਚ 813 ਪੋਸਟ ਗ੍ਰੈਜੂਏਟ ਡਿਗਰੀਆਂ ਅਤੇ 51 ਪੀਐਚਡੀ ਡਿਗਰੀਆਂ ਸ਼ਾਮਲ ਹਨ।
ਦਸ ਦੇਈਏ ਕਿ ਮੁੱਖ ਮਹਿਮਾਨ ਰਾਮ ਨਾਥ ਕੋਵਿੰਦ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ ਅਤੇ ਵੱਖ-ਵੱਖ ਵਿਸ਼ਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 41 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ ਪ੍ਰਦਾਨ ਕਰਨਗੇ। ਪੀਜੀ/ਪੀਐਚਡੀ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ 864 ਨੌਜਵਾਨਾਂ ਵਿੱਚੋਂ 485 ਪੁਰਸ਼ ਵਿਦਿਆਰਥੀ ਅਤੇ 379 ਵਿਦਿਆਰਥਣਾਂ ਹਨ। ਘੱਟ ਗਿਣਤੀ ਦੇ ਬਾਵਜੂਦ ਮਹਿਲਾ ਵਿਦਿਆਰਥਣਾਂ ਨੇ ਪੁਰਸ਼ ਵਿਦਿਆਰਥੀਆਂ ਦੇ 13 ਮੈਡਲਾਂ ਦੇ ਮੁਕਾਬਲੇ 28 ਮੈਡਲ ਹਾਸਲ ਕੀਤੇ ਹਨ। ਲਗਪਗ 8 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਕਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਵੱਲੋਂ ਉੱਘੀਆਂ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿਚ ਪਾਏ ਮਹੱਤਵਪੂਰਨ ਯੋਗਦਾਨ ਲਈ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।