ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦ 92 ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਏਸਮ ਵਿਖੇ ਆਖਰੀ ਸਾਹ ਲਏ ਹਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚ ਚੁੱਕੀ ਹੈ। ਉੱਥੇ ਹੀ ਭਾਰਤ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ ਦੀ ਖਬਰ ਮਗਰੋਂ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਇਸ ਦੇ ਨਾਲ ਹੀ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕਰ ਦਿੱਤਾ ਹੈ। ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਪੂਰੇ ਰਾਜਕੀ ਸਨਮਾਨ ਨਾਲ ਕੀਤਾ ਜਾਵੇਗਾ।
ਦਸ ਦਈਏ ਕਿ ਇਸ ਤੋਂ ਪਹਿਲਾਂ ਸਿਰਫ ਕੇਂਦਰ ਸਰਕਾਰ ਹੀ ਦੇਸ਼ ‘ਚ ਸਰਕਾਰੀ ਸੋਗ ਦਾ ਐਲਾਨ ਕਰਦੀ ਸੀ। ਪਰ ਨਿਯਮਾਂ ‘ਚ ਬਦਲਾਅ ਤੋਂ ਬਾਅਦ ਸੂਬਾ ਸਰਕਾਰ ਵੀ ਰਾਜਕੀ ਸੋਗ ਦਾ ਐਲਾਨ ਕਰ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਸਲਾਹ ‘ਤੇ ਹੀ ਰਾਸ਼ਟਰਪਤੀ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਸੀ। ਦੇਸ਼ ਦੇ ਸਾਰੇ ਸੂਬੇ ਹੁਣ ਖੁਦ ਫੈਸਲਾ ਕਰ ਸਕਦੇ ਹਨ ਕਿ ਕਿਸ ਨੂੰ ਸਰਕਾਰੀ ਸਨਮਾਨ ਦੇਣਾ ਹੈ। ਇੰਨਾ ਹੀ ਨਹੀਂ, ਕਈ ਵਾਰ ਸੂਬਾ ਅਤੇ ਕੇਂਦਰ ਸਰਕਾਰਾਂ ਵੱਖ-ਵੱਖ ਰਾਜ ਸੋਗ ਦਾ ਐਲਾਨ ਕਰਦੀਆਂ ਹਨ।

ਕੀ ਹੁੰਦਾ ਰਾਜਕੀ ਸੋਗ?
ਜਦੋਂ ਦੇਸ਼ ਵਿਚ ਕੋਈ ਵੱਡਾ ਨੇਤਾ, ਕਲਾਕਾਰ ਜਾਂ ਕਿਸੇ ਅਜਿਹੀ ਸ਼ਖਸੀਅਤ ਦੀ ਮੌਤ ਹੋ ਜਾਂਦੀ ਹੈ, ਜਿਸ ਨੇ ਦੇਸ਼ ਦੀ ਇੱਜ਼ਤ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੋਵੇ। ਉਸ ਸਥਿਤੀ ਵਿੱਚ ਰਾਜ ਜਾਂ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੇ 1997 ਦੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਜਕੀ ਸੋਗ ਦੌਰਾਨ ਕੋਈ ਜਨਤਕ ਛੁੱਟੀ ਜ਼ਰੂਰੀ ਨਹੀਂ ਹੈ। ਨਿਯਮਾਂ ਅਨੁਸਾਰ ਲਾਜ਼ਮੀ ਜਨਤਕ ਛੁੱਟੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਹੁਣ ਜੇਕਰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਮੌਤ ਹੋ ਜਾਵੇ ਤਾਂ ਹੀ ਛੁੱਟੀ ਹੁੰਦੀ ਹੈ। ਪਰ ਜੇਕਰ ਸਰਕਾਰ ਚਾਹੇ ਤਾਂ ਛੁੱਟੀ ਦਾ ਐਲਾਨ ਕਰ ਸਕਦੀ ਹੈ।
ਇਸ ਦੇ ਨਾਲ ਹੀ ਰਾਜਕੀ ਸੋਗ ਦੌਰਾਨ ਫਲੈਗ ਕਾਡ ਆਫ ਇੰਡੀਆ ਮੁਤਾਬਕ ਵਿਧਾਨ ਸਭਾ, ਸਕੱਤਰੇਤ ਸਮੇਤ ਅਹਿਮ ਦਫ਼ਤਰਾਂ ਵਿੱਚ ਕੌਮੀ ਝੰਡੇ ਅੱਧੇ ਝੁਕੇ ਰਹਿੰਦੇ ਹਨ। ਇਸ ਤੋਂ ਇਲਾਵਾ ਰਾਜ ਵਿੱਚ ਕੋਈ ਰਸਮੀ ਅਤੇ ਸਰਕਾਰੀ ਪ੍ਰੋਗਰਾਮ ਨਹੀਂ ਕਰਵਾਇਆ ਜਾਂਦਾ। ਇਸ ਦੌਰਾਨ ਜਸ਼ਨਾਂ ਅਤੇ ਸਰਕਾਰੀ ਮਨੋਰੰਜਨ ‘ਤੇ ਵੀ ਪਾਬੰਦੀ ਹੁੰਦੀ ਹੈ। ਰਾਸ਼ਟਰੀ ਸੋਗ ਦਾ ਇੱਕ ਮਹੱਤਵਪੂਰਨ ਪਹਿਲੂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਨਾ ਹੈ।