ਦੇਸ਼ ‘ਚ ਸਾਈਬਰ ਧੋਖਾਧੜੀ ਦੇ ਵਧਦੇ ਮਾਮਲਿਆਂ ਵਿਚਾਲੇ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਬਲੈਕਲਿਸਟ ਕਰਨ ਦੀ ਤਿਆਰੀ ਕਰ ਲਈ ਹੈ ਜੋ ਦੂਜਿਆਂ ਦੇ ਨਾਂਅ ‘ਤੇ ਸਿਮ ਖਰੀਦਦੇ ਹਨ ਜਾਂ ਫਰਜ਼ੀ ਸੰਦੇਸ਼ ਭੇਜਦੇ ਹਨ। ਉਨ੍ਹਾਂ ਨੂੰ ਸਾਈਬਰ ਸੁਰੱਖਿਆ ਲਈ ਖ਼ਤਰਾ ਮੰਨਦੇ ਹੋਏ ਬਲੈਕਲਿਸਟ ਕੀਤਾ ਜਾਵੇਗਾ। ਇੰਨਾ ਹੀ ਨਹੀਂ ਅਜਿਹੇ ਲੋਕਾਂ ‘ਤੇ 3 ਸਾਲ ਤੱਕ ਨਵਾਂ ਕੁਨੈਕਸ਼ਨ ਲੈਣ ‘ਤੇ ਵੀ ਪਾਬੰਦੀ ਲੱਗ ਸਕਦੀ ਹੈ। ਸਾਈਬਰ ਕਰਾਈਮ ਨੂੰ ਰੋਕਣ ਦੀ ਦਿਸ਼ਾ ‘ਚ ਇਹ ਇੱਕ ਵੱਡਾ ਕਦਮ ਹੋ ਸਕਦਾ ਹੈ।
ਸੀਐਨਬੀਸੀ-ਆਵਾਜ਼ ਦੀ ਰਿਪੋਰਟ ਮੁਤਾਬਕ, ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਬਲੈਕਲਿਸਟ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸੂਚੀ ‘ਚ ਅਜਿਹੇ ਲੋਕਾਂ ਦੇ ਨਾਂਅ ਸ਼ਾਮਲ ਹੋਣਗੇ, ਜੋ ਦੂਜਿਆਂ ਦੇ ਨਾਂ ‘ਤੇ ਸਿਮ ਖਰੀਦਦੇ ਹਨ ਜਾਂ ਫਰਜ਼ੀ ਸੰਦੇਸ਼ ਭੇਜਦੇ ਹਨ। ਜਿਨ੍ਹਾਂ ਲੋਕਾਂ ਦੇ ਨਾਮ ਇਸ ਬਲੈਕਲਿਸਟ ਵਿੱਚ ਆਉਣਗੇ, ਉਨ੍ਹਾਂ ਦੇ ਮੌਜੂਦਾ ਸਿਮ ਕਾਰਡ ਬਲਾਕ ਕਰ ਦਿੱਤੇ ਜਾਣਗੇ ਤੇ ਉਹ 6 ਮਹੀਨਿਆਂ ਤੋਂ 3 ਸਾਲ ਤੱਕ ਕੋਈ ਵੀ ਨਵਾਂ ਸਿਮ ਕਾਰਡ ਨਹੀਂ ਖਰੀਦ ਸਕਣਗੇ।
ਕਾਲੀ ਸੂਚੀ ਵਿੱਚ ਨਾਮ ਪਾਉਣ ਤੋਂ ਪਹਿਲਾਂ ਸਰਕਾਰ ਸਬੰਧਤ ਵਿਅਕਤੀ ਨੂੰ ਨੋਟਿਸ ਕਰੇਗੀ ਅਤੇ ਜਵਾਬ ਮੰਗੇਗੀ। ਉਨ੍ਹਾਂ ਕੋਲ ਜਵਾਬ ਦੇਣ ਲਈ 7 ਦਿਨ ਹੋਣਗੇ। ਵਿਆਪਕ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸੇ ਵਿਅਕਤੀ ਨੂੰ ਬਿਨਾਂ ਨੋਟਿਸ ਦਿੱਤੇ ਵੀ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਰਕਾਰ ਸਾਈਬਰ ਕਰਾਈਮ ਨੂੰ ਕੰਟਰੋਲ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਕੁਝ ਦਿਨ ਪਹਿਲਾਂ ਜਾਗਰੂਕਤਾ ਫੈਲਾਉਣ ਲਈ ਟੈਲੀਕਾਮ ਕੰਪਨੀਆਂ ਨੂੰ ਸਾਈਬਰ ਅਪਰਾਧ ਨੂੰ ਰੋਕਣ ਲਈ ਕਦਮਾਂ ਵਾਲੀ ਕਾਲਰ ਟਿਊਨ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਮੁਹਿੰਮ 3 ਮਹੀਨੇ ਤੱਕ ਚੱਲੇਗੀ। ਇਸ ਤੋਂ ਇਲਾਵਾ ਸਰਕਾਰ ਨੇ ਸੰਸਦ ‘ਚ ਦੱਸਿਆ ਸੀ ਕਿ ਉਸ ਨੇ ਸਾਈਬਰ ਅਪਰਾਧਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ‘ਚ 15 ਨਵੰਬਰ 2024 ਤੱਕ 6.69 ਲੱਖ ਸਿਮ ਕਾਰਡ ਅਤੇ 1,32,000 IMEI ਨੰਬਰਾਂ ਨੂੰ ‘ਬਲਾਕ’ ਕਰ ਦਿੱਤਾ ਹੈ।