ਸੋਨੇ ਤੇ ਘਟੀ ਕਸਟਮ ਡਿਊਟੀ, 16 ਹਜ਼ਾਰ ਰੁਪਏ ਡਿੱਗੀ ਕੀਮਤ

ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਸੋਨੇ ਦੀ ਕੀਮਤ ਵਿੱਚ 15,900 ਰੁਪਏ ਦੀ ਕਟੌਤੀ ਕੀਤੀ ਗਈ ਹੈ। ਨੇਪਾਲ ਸਰਕਾਰ ਨੇ ਭਾਰਤ ਦੇ ਰੁਖ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਜੁਲਾਈ ‘ਚ ਪੇਸ਼ ਕੀਤੇ ਬਜਟ ‘ਚ ਭਾਰਤ ਸਰਕਾਰ ਨੇ ਵੀ ਸੋਨੇ ਅਤੇ ਚਾਂਦੀ ‘ਤੇ ਦਰਾਮਦ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਸੀ, ਜਿਸ ਕਾਰਨ ਸੋਨਾ ਕਰੀਬ 6 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ। ਨੇਪਾਲ ਸਰਕਾਰ ਨੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ, ਜਿਸ ਕਾਰਨ ਇੱਥੇ ਸੋਨੇ ਦੀ ਕੀਮਤ 16 ਹਜ਼ਾਰ ਰੁਪਏ ਪ੍ਰਤੀ ਤੋਲਾ ਘਟ ਗਈ ਹੈ।

ਦਸ ਦੇਈਏ ਕਿ ਨੇਪਾਲ ਸਰਕਾਰ ਨੇ ਸੋਨੇ ‘ਤੇ ਕਸਟਮ ਡਿਊਟੀ 50 ਫੀਸਦੀ ਘਟਾ ਦਿੱਤੀ ਹੈ। ਕਸਟਮ ਡਿਊਟੀ ਅੱਧੀ ਕਰਨ ਦੇ ਫੈਸਲੇ ਤੋਂ ਬਾਅਦ ਪੀਲੀ ਧਾਤੂ ਦੀ ਕੀਮਤ ਵਿੱਚ 15,900 ਰੁਪਏ ਪ੍ਰਤੀ ਤੋਲਾ (11.664 ਗ੍ਰਾਮ) ਦੀ ਭਾਰੀ ਗਿਰਾਵਟ ਆਈ ਹੈ। ਫੈਡਰੇਸ਼ਨ ਆਫ ਨੇਪਾਲ ਗੋਲਡ ਐਂਡ ਸਿਲਵਰ ਡੀਲਰ ਐਸੋਸੀਏਸ਼ਨ ਦੇ ਅਨੁਸਾਰ, ਹਾਲਮਾਰਕ ਸੋਨੇ ਦੀ ਕੀਮਤ ਸੋਮਵਾਰ ਨੂੰ 1,51,300 ਰੁਪਏ ਪ੍ਰਤੀ ਤੋਲਾ ਤੈਅ ਕੀਤੀ ਗਈ ਹੈ, ਜੋ ਕਿ ਐਤਵਾਰ ਨੂੰ 1,67,200 ਰੁਪਏ ਪ੍ਰਤੀ ਤੋਲਾ ਸੀ।

ਨੇਪਾਲ ਸਰਕਾਰ ਨੇ ਸੋਨੇ ਦੀ ਦਰਾਮਦ ‘ਤੇ ਕਸਟਮ ਡਿਊਟੀ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਸਲਾ ਬੀਤੇ ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਲਿਆ ਗਿਆ ਸੀ, ਜਿਸ ਨੂੰ ਸੋਮਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਬਜਟ ਰਾਹੀਂ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ ਛੇ ਫੀਸਦੀ ਕਰ ਦਿੱਤੀ ਸੀ। ਇਸ ਦੇ ਉਲਟ ਨੇਪਾਲ ਨੇ ਚਾਲੂ ਵਿੱਤੀ ਸਾਲ ਦੇ ਬਜਟ ‘ਚ ਸੋਨੇ ‘ਤੇ ਕਸਟਮ ਡਿਊਟੀ ਪੰਜ ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਸੀ।

Advertisement