ਹਰਿਆਣਾ ਵਿਚ ਕਾਂਗਰਸ ਸਰਕਾਰ ਬਣਦੇ ਹੀ ਖੋਲ੍ਹਾਂਗੇ ਸ਼ੰਭੂ ਬਾਰਡਰ- ਭੁਪਿੰਦਰ ਹੁੱਡਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਆਖਿਆ ਹੈ ਕਿ ਜੇਕਰ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਸ਼ੰਭੂ ਬਾਰਡਰ ਖੋਲ੍ਹਿਆ ਜਾਵੇਗਾ ਅਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਤੰਤਰ ਵਿਚ ਕੋਈ ਭਰੋਸਾ ਨਹੀਂ ਹੈ। ਇਸ ਤਾਨਾਸ਼ਾਹੀ ਸਰਕਾਰ ਨੇ ਪਹਿਲਾਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਉਤੇ ਲਾਠੀਚਾਰਜ ਕੀਤੇ ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਰਾਹ ਰੋਕਣ ਲਈ ਸੜਕਾਂ ਪੁੱਟੀਆਂ ਗਈਆਂ।

ਜ਼ਿਕਰਯੋਗ ਹੈ ਕਿ ਹਲੇ ਵੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਉਤੇ ਰੋਕਿਆ ਹੋਇਆ ਹੈ, ਜਿਸ ਕਾਰਨ ਵਪਾਰੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਉਹ ਅੰਬਾਲਾ ਸ਼ਹਿਰ ਦੀ ਪੁਲਿਸ ਲਾਈਨ ਗਰਾਊਂਡ ਵਿਚ ਪਾਰਟੀ ਉਮੀਦਵਾਰ ਨਿਰਮਲ ਸਿੰਘ ਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਹੂਲਤਾਂ ਦੇਣ ਦਾ ਵੀ ਵਾਅਦਾ ਕੀਤਾ।

Advertisement