ਹਰਿਆਣਾ ਵਿਧਾਨ ਸਭ ਲਈ ਵੋਟਾਂ ਪੈਣ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਰਾਮ ਰਹੀਮ ਦੇ 20 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਡੇਰਾ ਸੱਚਾ ਸੌਦਾ ਦੀ ਸਿਆਸੀ ਖੇਡ ਸ਼ੁਰੂ ਹੋ ਗਈ ਹੈ। ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਹਰਿਆਣਾ ਦੇ ਸਾਰੇ ਬਲਾਕਾਂ ਵਿੱਚ ਨਾਮ ਚਰਚਾ ਹੋਵੇਗੀ। ਇਹ ਨਾਮ ਚਰਚਾ ਲਗਪਗ 2 ਘੰਟੇ ਚੱਲੇਗੀ।
ਦਸਿਆ ਜਾ ਰਿਹਾ ਹੈ ਕਿ ਡੇਢ ਘੰਟਾ ਪ੍ਰਮਾਤਮਾ ਦਾ ਗੁਣਗਾਨ ਹੋਵੇਗਾ। ਬਾਕੀ ਅੱਧੇ ਘੰਟੇ ‘ਚ ਰਾਮ ਰਹੀਮ ਦਾ ਸੰਦੇਸ਼ ਸੁਣਾਇਆ ਜਾਵੇਗਾ। ਬੇਸ਼ੱਕ ਡੇਰਾ ਮੁਖੀ ਨੇ ਖੁੱਲ੍ਹ ਕੇ ਕਿਸੇ ਪਾਰਟੀ ਦੀ ਹਮਾਇਤ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਇਸ ਸੰਦੇਸ਼ ‘ਚ ਇਸ਼ਾਰਾ ਕੀਤਾ ਜਾਏਗਾ ਕਿ ਚੋਣਾਂ ‘ਚ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ। ਡੇਰਾ ਪ੍ਰੇਮੀਆਂ ਅਨੁਸਾਰ ਨਾਮ ਚਰਚਾ ਦੌਰਾਨ ਮੋਬਾਈਲ ਫ਼ੋਨ ਲੈ ਕੇ ਜਾਣ ‘ਤੇ ਮੁਕੰਮਲ ਪਾਬੰਦੀ ਰਹੇਗੀ।
ਉਧਰ, ਚੋਣ ਕਮਿਸ਼ਨ, ਸਿਆਸੀ ਪਾਰਟੀਆਂ ਤੇ ਖੁਫੀਆ ਤੰਤਰ ਵੀ ਡੇਰੇ ਦੀ ਨਾਮ ਚਰਚਾ ‘ਤੇ ਨਜ਼ਰ ਹੈ। ਉਂਝ ਰਾਮ ਰਹੀਮ ਨੂੰ ਪੈਰੋਲ ਦਿੰਦੇ ਹੋਏ ਪਹਿਲਾਂ ਹੀ ਚੋਣ ਸਰਗਰਮੀਆਂ ਤੋਂ ਦੂਰ ਰਹਿਣ ਦੀ ਸ਼ਰਤ ਲਾਈ ਗਈ ਸੀ। ਹਰਿਆਣਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਸਿਆਸੀ ਖੇਡ ਨੇ ਹਲਚਲ ਮਚਾ ਦਿੱਤੀ ਹੈ। ਡੇਰਾ ਮੁਖੀ ਨੇ 20 ਦਿਨਾਂ ਦੀ ਪੈਰੋਲ ’ਤੇ ਬਾਹਰ ਆਉਂਦੇ ਹੀ ਹਰਿਆਣਾ ਦੇ ਸਾਰੇ ਬਲਾਕਾਂ ’ਚ ਨਾਮ ਚਰਚਾ ਦਾ ਸੱਦਾ ਦਿੱਤਾ ਹੈ।
ਦਸ ਦਈਏ ਕਿ ਹਰਿਆਣਾ ਚੋਣਾਂ ‘ਚ ਪੰਜ ਪਾਰਟੀਆਂ ਵਿਚਾਲੇ ਮੁਕਾਬਲੇ ‘ਚ ਡੇਰੇ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਸੂਬੇ ਦੀਆਂ 90 ‘ਚੋਂ 35 ਸੀਟਾਂ ‘ਤੇ ਡੇਰਾ ਪ੍ਰੇਮੀਆਂ ਦਾ ਵੋਟ ਬੈਂਕ ਹੈ। ਉਂਢ ਡੇਢ ਦਰਜਨ ਸੀਟਾਂ ਅਜਿਹੀਆਂ ਹਨ, ਜਿੱਥੇ ਨਜ਼ਦੀਕੀ ਮੁਕਾਬਲੇ ਦੀ ਸੂਰਤ ਵਿੱਚ ਡੇਰਾ ਪ੍ਰੇਮੀ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਡੇਰਾ ਇਸ ਤੋਂ ਪਹਿਲਾਂ ਵੀ ਸਿਆਸੀ ਪਾਰਟੀਆਂ ਦਾ ਸਮਰਥਨ ਕਰਦਾ ਰਿਹਾ ਹੈ।