ਸੰਸਦ ਮੈਂਬਰ ਰਾਘਵ ਚੱਡਾ ਨੇ 1947 ‘ਚ ਵੱਖ ਹੋਏ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਨੂੰ ਲੈ ਕੇ ਰਾਜ ਸਭਾ ‘ਚ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਅੱਜ ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸਥਿਤ ਹਨ। ਮਹਾਨ ਪਵਿੱਤਰ ਸਥਾਨਾਂ ਵਿੱਚੋਂ ਇੱਕ ਨਨਕਾਣਾ ਸਾਹਿਬ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਜੋ ਲਾਹੌਰ ਤੋਂ 90 ਕਿਲੋਮੀਟਰ ਦੂਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਨਕਾਣਾ ਸਾਹਿਬ ਲਾਂਘਾ ਵੀ ਕਰਤਾਰਪੁਰ ਸਾਹਿਬ ਦੀ ਤਰਜ਼ ‘ਤੇ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਨਨਕਾਣਾ ਸਾਹਿਬ ਲਈ ਕੋਈ ਵੀਜ਼ਾ ਅਤੇ ਫੀਸ ਨਹੀਂ ਲੈਣੀ ਚਾਹੀਦੀ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਧਾਰਨ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਅੰਮ੍ਰਿਤਸਰ-ਅਟਾਰੀ ਸਰਹੱਦ ਤੋਂ 104 ਕਿਲੋਮੀਟਰ ਦੂਰ ਹੈ। ਇਸ ਕੰਮ ਵਿੱਚ ਪੰਜਾਬ ਸਰਕਾਰ ਤੋਂ ਜੋ ਵੀ ਸਹਿਯੋਗ ਮੰਗਿਆ ਜਾਵੇਗਾ ਉਹ ਦਿੱਤਾ ਜਾਵੇਗਾ। ਚੱਡਾ ਨੇ ਕਿਹਾ ਕਿ ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਸੀ ਤਾਂ ਨਾ ਸਿਰਫ਼ ਦੇਸ਼ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਸਗੋਂ ਸਾਡਾ ਸੂਬਾ ਵੀ ਟੁਕੜਿਆਂ ਵਿੱਚ ਵੰਡਿਆ ਗਿਆ ਸੀ।
ਇਕ ਟੁਕੜਾ ਪਾਕਿਸਤਾਨ ਵਿਚ ਰਿਹਾ, ਜਦਕਿ ਦੂਜਾ ਭਾਰਤ ਵਿਚ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਪੰਜਾਬੀ ਪਰਿਵਾਰਾਂ ਦਾ ਖੂਨ ਵਹਾਇਆ ਗਿਆ, ਜਿਸ ਵਿੱਚ ਮੇਰਾ ਪਰਿਵਾਰ ਵੀ ਸ਼ਾਮਲ ਸੀ। ਕਈ ਰਿਸ਼ਤੇਦਾਰ ਤੇ ਦੋਸਤ ਵਿਛੜ ਗਏ। ਇਸ ਦੌਰਾਨ ਸਾਡਾ ਗੁਰਦੁਆਰਾ ਸਾਹਿਬ ਸਾਡੇ ਤੋਂ ਵਿਛੜ ਗਿਆ।