ਯੂਪੀ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਵਾਲੀ ਗੱਲ ਆਈ ਹੈ। ਯੂਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਜਲਦੀ ਹੀ ਰਾਜ ਦੇ 7 ਟੋਲ ਬੂਥਾਂ ਨੂੰ ਫਰੀ ਕਰ ਦੇਵੇਗੀ ਅਤੇ ਇੱਥੋਂ ਲੰਘਣ ਵਾਲੇ ਲੋਕਾਂ ਤੋਂ ਇੱਕ ਪੈਸਾ ਵੀ ਨਹੀਂ ਵਸੂਲਿਆ ਜਾਵੇਗਾ। ਇਹ 7 ਟੋਲ ਬੂਥ ਵੱਖ-ਵੱਖ ਜ਼ਿਲ੍ਹਿਆਂ ਦੇ ਹਨ, ਜਿੱਥੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਸਪੱਸ਼ਟ ਹੈ ਕਿ ਇਨ੍ਹਾਂ ਬੂਥਾਂ ਤੋਂ ਲੰਘਣ ਵਾਲਿਆਂ ਦੀਆਂ ਜੇਬਾਂ ਹੁਣ ਢਿੱਲੀਆਂ ਨਹੀਂ ਹੋਣਗੀਆਂ।
ਦਰਅਸਲ, ਯੂਪੀ ਸਰਕਾਰ ਇਹ ਫੈਸਲਾ ਪ੍ਰਯਾਗਰਾਜ ਵਿਚ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਮਹਾਕੁੰਭ ਦੇ ਮੱਦੇਨਜ਼ਰ ਲੈਣ ਜਾ ਰਹੀ ਹੈ। ਯੂਪੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮਹਾਕੁੰਭ ਦੌਰਾਨ ਪ੍ਰਯਾਗਰਾਜ ਜਾਣ ਵਾਲੇ ਸਾਰੇ ਟੋਲ ਬੂਥਾਂ ਨੂੰ ਮੁਫ਼ਤ ਕਰ ਦਿੱਤਾ ਜਾਵੇਗਾ। ਪ੍ਰਯਾਗਰਾਜ ‘ਚ ਦਾਖਲ ਹੋਣ ਵਾਲੇ ਕਿਸੇ ਵੀ ਟੋਲ ਬੂਥ ਉਤੇ ਟੈਕਸ ਨਹੀਂ ਲਿਆ ਜਾਵੇਗਾ। NHAI ਨੇ ਵੀ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਮਹਾਕੁੰਭ ਵਿੱਚ ਕਰੋੜਾਂ ਲੋਕ ਆਉਣ ਦਾ ਅਨੁਮਾਨ ਹੈ। ਅਜਿਹੇ ‘ਚ ਟੋਲ ਬੂਥ ਫ੍ਰੀ ਹੋਣ ਨਾਲ ਵੱਡੀ ਰਾਹਤ ਮਿਲੇਗੀ।
ਦਸਿਆ ਜਾ ਰਿਹਾ ਹੈ ਕਿ ਇਹ ਮਹਾਕੁੰਭ 45 ਦਿਨਾਂ ਤੱਕ ਚੱਲੇਗਾ ਅਤੇ ਇਸ ਦੌਰਾਨ ਯੂਪੀ ਦੇ 7 ਟੋਲ ਪਲਾਜ਼ਾ ਪੂਰੀ ਤਰ੍ਹਾਂ ਫਰੀ ਰਹਿਣਗੇ। ਇਨ੍ਹਾਂ ਬੂਥਾਂ ‘ਤੇ ਟੋਲ ਫਰੀ ਐਂਟਰੀ 13 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 26 ਫਰਵਰੀ ਤੱਕ ਜਾਰੀ ਰਹੇਗੀ। ਭਾਵ, ਜੇਕਰ ਤੁਸੀਂ ਇਨ੍ਹਾਂ ਤਾਰੀਖਾਂ ਦੇ ਅੰਦਰ ਪ੍ਰਯਾਗਰਾਜ ਵਿੱਚ ਦਾਖਲ ਹੁੰਦੇ ਹੋ, ਤਾਂ ਤੁਹਾਨੂੰ ਕਿਸੇ ਵੀ ਦਿਸ਼ਾ ਤੋਂ ਟੋਲ ਟੈਕਸ ਨਹੀਂ ਦੇਣਾ ਪਵੇਗਾ। ਅਨੁਮਾਨ ਹੈ ਕਿ ਇਸ ਵਾਰ ਮਹਾਕੁੰਭ ‘ਚ ਲਗਭਗ 40 ਕਰੋੜ ਲੋਕ ਹਿੱਸਾ ਲੈ ਸਕਦੇ ਹਨ।