ਦੀਵਾਲੀ ਤੋਂ ਬਾਅਦ ਦੇਸ਼ ਭਰ ਵਿਚ ਮੌਸਮ ਬਦਲ ਗਿਆ ਹੈ। ਪੂਰੇ ਭਾਰਤ ਵਿਚ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਇਕ ਵਾਰ ਫਿਰ ਚੱਕਰਵਾਤੀ ਤੂਫਾਨ ਦੇ ਸਰਗਰਮ ਹੋਣ ਦਾ ਅਲਰਟ ਦਿੱਤਾ ਹੈ। ਬੰਗਾਲ ਦੀ ਖਾੜੀ ‘ਚ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ। ਇਸ ਕਾਰਨ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਅਤੇ ਤੱਟਵਰਤੀ ਰਾਜਾਂ ਵਿੱਚ ਬਾਰਿਸ਼ ਹੋਵੇਗੀ। ਤੂਫ਼ਾਨ ਦੇ ਨਾਲ ਹੀ ਬਿਜਲੀ ਅਤੇ ਗੜੇ ਪੈਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਦੱਖਣੀ ਅਤੇ ਉੱਤਰੀ ਭਾਰਤ ਦੇ ਰਾਜਾਂ ਵਿਚ 12 ਨਵੰਬਰ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਬੰਗਾਲ ਦੀ ਖਾੜੀ ਦੇ ਕੇਂਦਰ ‘ਚ ਚੱਕਰਵਾਤੀ ਸਰਕੂਲੇਸ਼ਨ ਦੀ ਸਥਿਤੀ ਬਣ ਰਹੀ ਹੈ। ਇਸ ਦੇ ਪ੍ਰਭਾਵ ਕਾਰਨ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਅਤੇ ਚੱਕਰਵਾਤ ਦਾ ਰੂਪ ਧਾਰਨ ਕਰ ਲਵੇਗੀ, ਜਿਸ ਕਾਰਨ ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ, ਪੁਡੂਚੇਰੀ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ 12 ਨਵੰਬਰ ਤੱਕ ਤੂਫ਼ਾਨੀ ਹਵਾਵਾਂ ਚੱਲ ਸਕਦੀਆਂ ਹਨ। ਗਰਜ ਦੇ ਨਾਲ-ਨਾਲ ਬਿਜਲੀ ਵੀ ਚਮਕੇਗੀ। ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ।
ਦਸ ਦੇਈਏ ਕਿ ਮਨੀਪੁਰ ਦੇ ਕੁਝ ਖੇਤਰਾਂ ਵਿਚ ਗੜੇ ਪੈ ਸਕਦੇ ਹਨ। ਕੇਰਲ ਅਤੇ ਮਹੇ, ਤੱਟਵਰਤੀ ਆਂਧਰਾ ਪ੍ਰਦੇਸ਼, ਯਨਮ ਅਤੇ ਰਾਇਲਸੀਮਾ ਵਿੱਚ 8 ਤੋਂ 10 ਨਵੰਬਰ ਦੇ ਵਿਚਕਾਰ ਗੜੇ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।