16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਲੱਗੀ ਪਾਬੰਦੀ

ਅੱਜਕੱਲ੍ਹ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਫੋਨ ਆਮ ਦੇਖਿਆ ਜਾ ਸਕਦਾ ਹੈ। ਇੱਕ ਤਰ੍ਹਾਂ ਨਾਲ ਬੱਚੇ ਮੋਬਾਈਲ ਫ਼ੋਨ ਦੇ ਆਦੀ ਹੋ ਗਏ ਹਨ। ਕਈ ਬੱਚੇ ਟਾਇਲਟ ਤੋਂ ਲੈ ਕੇ ਖਾਣਾ ਖਾਣ ਤੱਕ ਫੋਨ ਦੀ ਵਰਤੋਂ ਕਰਦੇ ਹਨ। ਇਸ ਦਾ ਅਸਰ ਸਰੀਰਕ ਤੋਂ ਲੈ ਕੇ ਬੱਚਿਆਂ ਦੀ ਮਾਨਸਿਕ ਸਿਹਤ ਉਤੇ ਪੈਂਦਾ ਹੈ। ਕਈ ਦੇਸ਼ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਲਤ ਤੋਂ ਬਚਾਉਣ ਲਈ ਕੰਮ ਕਰ ਰਹੇ ਹਨ।

ਇਸ ਸਬੰਧੀ ਆਸਟ੍ਰੇਲੀਆ ਨੇ ਵੀ ਵੱਡਾ ਕਦਮ ਚੁੱਕਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀਰਵਾਰ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫੇਸਬੁੱਕ ਅਤੇ ਟਿੱਕਟੌਕ ਵਰਗੇ ਪਲੇਟਫਾਰਮਾਂ ਦਾ ਵਿਆਪਕ ਪ੍ਰਭਾਵ “ਨੌਜਵਾਨ ਬੱਚਿਆਂ ਨੂੰ ਅਸਲ ਨੁਕਸਾਨ ਪਹੁੰਚਾ ਰਿਹਾ ਹੈ।” ਅਲਬਾਨੀਜ਼ ਨੇ ਕਿਹਾ ਕਿ ਉਮਰ ਦੀਆਂ ਸੀਮਾਵਾਂ ਨੂੰ ਲਾਗੂ ਕਰਨ ਲਈ ਤਕਨੀਕੀ ਦਿੱਗਜਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਇਸ ਸਬੰਧੀ ਬਿੱਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦੀਆਂ ਡਿਜੀਟਲ ਯੁੱਗ ’ਚ ਵੱਧ ਰਹੀਆਂ ਚਿੰਤਾਵਾਂ ਜਾਇਜ਼ ਹਨ ਅਤੇ ਸਰਕਾਰ ਬੱਚਿਆਂ ਨੂੰ ਇਨ੍ਹਾਂ ਆਨਲਾਈਨ ਖ਼ਤਰਿਆਂ ਤੋਂ ਬਚਾਉਣ ਲਈ ਵਚਨਬੱਧ ਹੈ।

ਇਸ ਬਿੱਲ ਬਾਰੇ ਵਿਸਥਾਰ ਵਿਚ ਰਿਪੋਰਟ ਹਾਲੇ ਆਉਣੀ ਬਾਕੀ ਹੈ, ਪਰ ਆਸਟਰੇਲੀਆ ਦੁਨੀਆ ’ਚ ਅਜਿਹਾ ਪਹਿਲਾ ਮੁਲਕ ਹੋਵੇਗਾ ਜਿੱਥੇ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ ਉਤੇ ਪਾਬੰਦੀ ਹੋਵੇਗੀ ਅਤੇ ਮਾਪਿਆਂ ਦੀ ਇਜ਼ਾਜਤ ਮਗਰੋਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ੋਸਲ ਮੀਡੀਆ ਉਤੇ ਆ ਸਕਣਗੇ। ਕਾਨੂੰਨ ਬਣਨ ਦੇ ਸਾਲ ਬਾਅਦ ਇਸ ਨੂੰ ਪੂਰਨ ਤੌਰ ਉੱਤੇ ਲਾਗੂ ਕਰ ਦਿੱਤਾ ਜਾਵੇਗਾ। ਮੁਲਕ ਦੇ ਮੰਨੇ-ਪ੍ਰਮੰਨੇ ਮਾਹਿਰਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ ਬੱਚਿਆਂ ਦਾ ਆਨਲਾਈਨ ਖ਼ਤਰਿਆਂ ਤੋਂ ਬਚਾਅ ਕਰਨਾ ਲਾਜ਼ਮੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਪਲੈਟਫਾਰਮ ਬੱਚਿਆਂ ਦੀ ਮਾਨਸਿਕ ਸਿਹਤ ਬੁਰੀ ਤਰ੍ਹਾਂ ਵਿਗਾੜ ਰਹੇ ਹਨ।

Advertisement