17 ਜੁਲਾਈ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਹੋ ਸਕਦੈ ਐਲਾਨ!

 ਸ਼ੀਆ ਭਾਈਚਾਰੇ ਵੱਲੋਂ ਕਰਬਲਾ ਦੇ ਸ਼ਹੀਦਾਂ ਦੀ ਯਾਦ ‘ਚ ਮਨਾਏ ਜਾਂਦੇ ਮੁਹੱਰਮ ਦੇ ਮੌਕੇ ਤੇ ਜਨਤਕ ਛੁੱਟੀ ਐਲਾਨਣ ਲਈ ਸੱਜਾਦ ਹੁਸੈਨ, ਅੰਜੁਮਨ ਏ ਹੁਸੈਨੀਆ (ਰਜਿ.) ਦੇ ਜਨਰਲ ਸਕੱਤਰ ਮੁਹੰਮਦ ਓਵਨ, ਸ਼ੇਖ ਸੱਜਾਦ ਹੁਸੈਨ,ਹਾਜੀ ਸ਼ੇਖ ਲਿਆਕਤ ਅਲੀ, ਸ਼ੇਖ ਤੋਕੀਰ ਹੁਸੈਨ ਤੇ ਸ਼ਾਹ ਹੁਸੈਨ ਜੈਦੀ ਵੱਲੋਂ ਡਿਪਟੀ ਕਮਿਸ਼ਨਰ ਡਾ.ਪੱਲਵੀ ਨੂੰ ਮੰਗ ਪੱਤਰ ਸੋਂਪਿਆ ਗਿਆ। ਇਸ ਸਬੰਧੀ ਅੰਜੁਮਨ ਏ ਹੁਸੈਨੀਆ (ਰਜਿ.) ਦੇ ਜਨਰਲ ਸਕੱਤਰ ਮੁਹੰਮਦ ਓਵਨ ਨੇ ਦੱਸਿਆ ਕਿ ਇਸਲਾਮ ਦੇ ਇਤਿਹਾਸ ਅਨੁਸਾਰ ਮੁਹੱਰਮ ਜਿਸ ਨੂੰ ਯੋਮ ਏ ਅਸ਼ੂਰਾ ਵੀ ਕਿਹਾ ਜਾਂਦਾ ਹੈ, ਉਹ ਇਤਿਹਾਸਕ ਦਿਨ ਹੈ।

ਜਿਸ ਦਿਨ ਹਜ਼ਰਤ ਮੁਹੰਮਦ (ਸ.ਅ.) ਦੇ ਅਸਲੀ ਦੋਹਤੇ ਯਾਨੀ ਇਮਾਮ ਹੁਸੈਨ (ਅ.ਸ.) ਨੇ ਮਨੁੱਖਤਾ ਦੇ ਵਿਦਰੋਹ ਲਈ ਕਰਬਲਾ ਵਿੱਚ ਆਪਣੇ 71 ਸਾਥੀਆਂ ਸਮੇਤ ਆਪਣੇ ਆਪ ਨੂੰ ਕੁਰਬਾਨ ਕੀਤਾ। ਉਨ੍ਹਾਂ ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਤੀ 17 ਜੁਲਾਈ 2024 ਨੂੰ ਜੋ ਕਿ ਮੁਹੱਰਮ (ਯੋਮ ਏ ਆਸ਼ੂਰਾ) ਹੈ, ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਲ 2024 ਦੇ ਛੁੱਟੀਆਂ ਵਾਲੇ ਸਾਲਾਨਾ ਕੈਲੇਂਡਰ ਵਿਚ 17 ਜੁਲਾਈ ਮੁਹੱਰਮ ਮੌਕੇ ਛੁੱਟੀ ਨਹੀਂ ਐਲਾਨੀ ਗਈ ਹੈ। ਦਸ ਦਈਏ ਕਿ ਮੁਹੱਰਮ ਮੌਕੇ ਦੇਸ਼ ਦੇ ਕਈ ਹਿੱਸਿਆਂ ਵਿਚ ਜਨਤਕ ਛੁੱਟੀ ਰਹਿਣ ਵਾਲੀ ਹੈ। ਕਈ ਸੂਬਿਆਂ ਵਿਚ ਬੈਂਕ ਵੀ ਬੰਦ ਰਹਿਣਗੇ।

Advertisement