2 ਮਹੀਨਿਆਂ ਬਾਅਦ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਖਾਤੇ ਬਹਾਲ

ਕਰੀਬ ਦੋ ਮਹੀਨਿਆਂ ਬਾਅਦ ਕੁੱਝ ਕਿਸਾਨ ਯੂਨੀਅਨ ਆਗੂਆਂ ਦੇ ਸੋਸ਼ਲ ਮੀਡੀਆ ਖਾਤੇ ਬਹਾਲ ਕਰ ਦਿਤੇ ਗਏ। ਇਸ ਦੀ ਪੁਸ਼ਟੀ ਕਰਦਿਆਂ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਬੁਲਾਰੇ ਮਹੇਸ਼ ਚੌਧਰੀ ਨੇ ਕਿਹਾ ਕਿ ਖਾਤਿਆਂ ਨੂੰ ਦੋ ਗੇੜਾਂ ਵਿਚ ਬਲੌਕ ਕੀਤਾ ਗਿਆ ਸੀ। ਉਨ੍ਹਾਂ ਕਿਹਾ, “ਮੌਜੂਦਾ ਸਮੇਂ ਵਿਚ, ਸਾਡੇ ਕੋਲ ਸਹੀ ਗਿਣਤੀ ਨਹੀਂ ਹੈ, ਪਰ ਸਾਨੂੰ ਦਸਿਆ ਗਿਆ ਹੈ ਕਿ ਪਹਿਲੇ ਗੇੜ ਵਿਚ ਬਲੌਕ ਕੀਤੇ ਗਏ ਖਾਤਿਆਂ ਨੂੰ ਬਹਾਲ ਕਰ ਦਿਤਾ ਗਿਆ ਹੈ, ਜਦਕਿ ਦੂਜੇ ਗੇੜ ਵਿਚ ਬਲੌਕ ਕੀਤੇ ਗਏ ਖਾਤੇ ਅਜੇ ਬਹਾਲ ਕੀਤੇ ਜਾਣੇ ਹਨ। ਅਸੀਂ ਅਜਿਹੇ ਸਾਰੇ ਖਾਤਿਆਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ ”।

ਸ਼ੰਭੂ ਅਤੇ ਖਨੌਰੀ ਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਅਸਥਾਈ ਤੌਰ ‘ਤੇ ਬਲੌਕ ਕੀਤੇ ਜਾਣ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਤ 177 ਸੋਸ਼ਲ ਮੀਡੀਆ ਖਾਤਿਆਂ ਅਤੇ ਵੈਬ ਲਿੰਕਾਂ ਨੂੰ ਅਸਥਾਈ ਤੌਰ ‘ਤੇ ਬਲਾਕ ਕਰਨ ਦੇ ਹੁਕਮ ਦਿਤੇ ਹਨ।

ਦਸ ਦੇਈਏ ਕਿ ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਦੋ ਦੌਰ ਦੀ ਮੀਟਿੰਗ ਕੀਤੀ ਸੀ। ਚੌਧਰੀ ਨੇ ਦਾਅਵਾ ਕੀਤਾ ਕਿ ਪਹਿਲਾ ਗੇੜ 8 ਅਤੇ 9 ਫਰਵਰੀ ਨੂੰ ਅਤੇ ਦੂਜਾ ਗੇੜ 19 ਫਰਵਰੀ ਨੂੰ ਹੋਇਆ ਸੀ। ਉਨ੍ਹਾਂ ਦਸਿਆ ਕਿ ਪਹਿਲੇ ਪੜਾਅ ਵਿਚ ਕਿਸਾਨਾਂ ਦੇ ਕੁੱਝ ਖਾਤੇ 10 ਫਰਵਰੀ ਨੂੰ ਬਲਾਕ ਕਰ ਦਿਤੇ ਗਏ ਸਨ ਜਦਕਿ ਬਾਕੀ ਖਾਤੇ 20 ਫਰਵਰੀ ਨੂੰ ਬਲਾਕ ਕਰ ਦਿਤੇ ਗਏ ਸਨ।

Advertisement