ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 30 ਦਿਨ ਵਿਚ ਪਹੁੰਚਣ ਕਾਰਨ ਕਿਸਾਨ ਅੰਦੋਲਨ ਤਿੱਖਾ ਹੁੰਦਾ ਜਾ ਰਿਹਾ ਹੈ। ਪਹਿਲਾਂ ਕਿਸਾਨਾਂ ਨੇ ਪੰਜਾਬ ਭਰ ਵਿਚ ਰੇਲਾਂ ਰੋਕੀਆਂ ਸਨ, ਹੁਣ 30 ਦਸੰਬਰ ਨੂੰ ਮੁਕੰਮਲ ਬੰਦ ਦੀ ਅਪੀਲ ਕੀਤੀ ਗਈ ਹੈ। ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਪੰਜਾਬ ਬੰਦ ਰਹੇਗਾ।
ਅੰਮ੍ਰਿਤਸਰ ਵਿਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੰਜਾਬ ਬੰਦ ਵਿਚ ਪੰਜਾਬ ਭਰ ਵਿੱਚੋਂ ਅਧਿਆਪਕ, ਟਰਾਂਸਪੋਰਟ, ਨੰਬਰਦਾਰ ਯੂਨੀਅਨ, ਜੀਐਨਡੀਯੂ ਵਿਦਿਆਰਥੀ ਜਥੇਬੰਦੀ, ਵੱਖ-ਵੱਖ ਬੱਸ ਯੂਨੀਅਨਾਂ ਸ਼ਾਮਿਲ ਹੋਣਗੀਆਂ ਅਤੇ 30 ਦਸੰਬਰ ਦੇ ਪੰਜਾਬ ਬੰਦ ਵਿਚ ਉਨ੍ਹਾਂ ਦਾ ਸਹਿਯੋਗ ਕਰਨਗੀਆਂ, ਜਿਸ ਨਾਲ ਪੰਜਾਬ ਅਤੇ ਕੇਂਦਰ ਸਰਕਾਰ ਦੀ ਨੀਂਦ ਉੱਡ ਜਾਵੇਗੀ।

ਉਨ੍ਹਾਂ ਕਿਹਾ ਕਿ 27 ਦਸੰਬਰ ਨੂੰ ਪੰਜਾਬ ਬੰਦ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ ਤੋਂ ਸਵੇਰੇ 8 ਵਜੇ ਤੋਂ ਮੁਹਿੰਮ ਸ਼ੁਰੂ ਕਰਨਗੇ ਅਤੇ ਘਰ-ਘਰ ਜਾ ਕੇ ਪ੍ਰਚਾਰ ਕਰਨਗੇ ਅਤੇ ਲੋਕਾਂ ਨੂੰ 30 ਦਸੰਬਰ ਦੇ ਪੰਜਾਬ ਬੰਦ ਲਈ ਸਮਰਥਨ ਦੇਣ ਦੀ ਅਪੀਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ, ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸੇਵਾ ਨੂੰ ਬੰਦ ਨਹੀਂ ਕੀਤਾ ਜਾਵੇਗਾ। ਸਰਵਨ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਕਿਸਾਨ ਹੁਣ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹਨ।
ਦਸ ਦੇਈਏ ਕਿ ਕਿਸਾਨ ਪਿਛਲੀ ਜਨਵਰੀ ਤੋਂ ਧਰਨੇ ‘ਤੇ ਬੈਠੇ ਹਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 28 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ ਹੈ।